ਪੈਲੇਟ ਗਨ ਕੀ ਹੁੰਦੀ ਹੈ, ਜਿਸ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ ?

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 8 ਮਿੰਟ

ਕਾਕਰੋਚ ਜਨਤਾ ਪਾਰਟੀ ਦੇ 'ਸੰਸਦ ਮਾਰਚ' ਦੌਰਾਨ ਸੋਮਵਾਰ ਨੂੰ ਜੰਤਰ-ਮੰਤਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹੋਏ ਲਾਠੀਚਾਰਜ ਅਤੇ ਸੁਰੱਖਿਆ ਬਲਾਂ ਦੀ ਕਾਰਵਾਈ ਵਿੱਚ ਕਈ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ।

ਦੂਜੇ ਪਾਸੇ, ਦਿੱਲੀ ਪੁਲਿਸ ਮੁਤਾਬਕ ਪ੍ਰਦਰਸ਼ਨਕਾਰੀਆਂ ਦੀ ਹਿੰਸਾ 'ਚ ਉਸ ਦੇ ਕਈ ਪੁਲਿਸ ਮੁਲਾਜ਼ਮਾਂ ਨੂੰ ਵੀ ਸੱਟਾਂ ਆਈਆਂ ਹਨ।

ਇਸੇ ਘਟਨਾ ਵਿੱਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਈ 21 ਸਾਲ ਦੀ ਇੱਕ ਵਿਦਿਆਰਥਣ ਦਿੱਲੀ ਦੇ ਆਰਐਮਐਲ ਹਸਪਤਾਲ ਵਿੱਚ ਦਾਖ਼ਲ ਹੈ। ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ ਪਰ ਦੋ ਦਿਨ ਪਹਿਲਾਂ ਉਸ ਨੂੰ ਵੈਂਟੀਲੇਟਰ ਤੋਂ ਹਟਾਇਆ ਗਿਆ ਹੈ।

ਮੈਡੀਕਲ ਬੁਲੇਟਿਨ ਮੁਤਾਬਕ, ਉਸ ਨੂੰ ਹੋਸ਼ ਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਹੈ ਪਰ ਅਜੇ ਵੀ ਉਸ ਨੂੰ ਗੰਭੀਰ ਦੇਖਭਾਲ (ਕ੍ਰਿਟੀਕਲ ਕੇਅਰ) ਦੀ ਜ਼ਰੂਰਤ ਹੈ।

ਇਨ੍ਹਾਂ ਸਾਰੀਆਂ ਖ਼ਬਰਾਂ ਵਿਚਾਲੇ ਕੁਝ ਪ੍ਰਦਰਸ਼ਨਕਾਰੀਆਂ ਖਿਲਾਫ ਪੈਲੇਟ ਗਨ ਦੇ ਇਸਤੇਮਾਲ ਦੇ ਇਲਜ਼ਾਮ ਲੱਗ ਰਹੇ ਸਨ।

ਰਾਹੁਲ ਗਾਂਧੀ ਨੇ ਚੁੱਕਿਆ ਮੁੱਦਾ

ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸਾਹਿਲ ਨਾਂਅ ਦੇ ਇੱਕ ਨੌਜਵਾਨ ਨੂੰ ਮੀਡੀਆ ਸਾਹਮਣੇ ਲੈ ਕੇ ਆਏ।

ਉਨ੍ਹਾਂ ਕਿਹਾ, "20 ਜੁਲਾਈ ਨੂੰ ਦਿੱਲੀ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ 19 ਸਾਲ ਦੇ ਸਾਹਿਲ ਦੇ ਚਿਹਰੇ 'ਤੇ ਦਿੱਲੀ ਪੁਲਿਸ ਨੇ ਪੈਲੇਟ ਗਨ ਨਾਲ ਹਮਲਾ ਕੀਤਾ।"

ਉਨ੍ਹਾਂ ਅੱਗੇ ਕਿਹਾ, "ਸਾਹਿਲ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਹਨ, ਪਰ ਆਪਣੇ ਪਰਿਵਾਰ ਦਾ ਸਹਾਰਾ ਬਣਨ ਲਈ ਉਹ ਪਾਰਟ-ਟਾਈਮ ਕਾਰ ਵੀ ਚਲਾਉਂਦੇ ਹਨ। ਉਹ ਖੁਦ 2025 ਦੀ ਐੱਸਐੱਸਸੀ ਦਿੱਲੀ ਕਾਂਸਟੇਬਲ ਭਰਤੀ ਪ੍ਰੀਖਿਆ ਦੇ ਪੇਪਰ ਲੀਕ ਦੇ ਵੀ ਪੀੜਤ ਰਹੇ ਹਨ।"

ਰਾਹੁਲ ਗਾਂਧੀ ਨੇ ਕਿਹਾ, "ਅਸੀਂ ਸਾਹਿਲ ਦੇ ਨਾਲ ਹਾਂ। ਅਸੀਂ ਜਵਾਬਦੇਵੀ ਦੀ ਮੰਗ ਕਰ ਰਹੇ ਹਰ ਵਿਦਿਆਰਥੀ ਦੇ ਨਾਲ ਹਾਂ। ਮੋਦੀ ਜੀ, ਆਪਣੇ ਇਸ ਪਾਪ ਲਈ ਦੇਸ਼ ਦੇ ਬੱਚਿਆਂ ਤੋਂ ਮੁਆਫ਼ੀ ਮੰਗੋ, ਇਸ ਦੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੋ ਅਤੇ ਧਰਮਿੰਦਰ ਪ੍ਰਧਾਨ ਨੂੰ ਤੁਰੰਤ ਬਰਖ਼ਾਸਤ ਕਰੋ।"

ਪੈਲੇਟ ਗਨ ਕੀ ਹੁੰਦੀ ਹੈ ?

ਕਾਕਰੋਚ ਜਨਤਾ ਪਾਰਟੀ ਦੇ ਬੁਲਾਰੇ ਸੌਰਵ ਦਾਸ ਨੇ 20 ਜੁਲਾਈ ਦੀ ਰਾਤ ਨੂੰ ਐਕਸ 'ਤੇ ਇੱਕ ਜ਼ਖ਼ਮੀ ਦੀ ਵੀਡੀਓ ਪੋਸਟ ਕੀਤੀ ਸੀ।

ਉਨ੍ਹਾਂ ਨੇ ਲਿਖਿਆ ਸੀ, "ਦਿੱਲੀ ਪੁਲਿਸ ਦੀ ਗੁੰਡਾਗਰਦੀ! ਸ਼ਾਂਤਮਈ ਪ੍ਰਦਰਸ਼ਨਕਾਰੀਆਂ 'ਤੇ ਪੈਲੇਟ ਗਨ ਦਾ ਇਸਤੇਮਾਲ ਕੀਤਾ ਗਿਆ।"

ਸੌਰਵ ਦਾਸ ਨੂੰ ਜਵਾਬ ਦਿੰਦੇ ਹੋਏ ਡੀਸੀਪੀ (ਨਵੀਂ ਦਿੱਲੀ) ਨੇ ਐਕਸ 'ਤੇ ਲਿਖਿਆ, "ਸ਼ਾਂਤਮਈ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਪੁਲਿਸ ਬਲਾਂ ਵੱਲੋਂ ਪੈਲੇਟ ਗਨ ਦਾ ਇਸਤੇਮਾਲ ਕਰਨ ਦੀਆਂ ਖ਼ਬਰਾਂ ਪੂਰੀ ਤਰ੍ਹਾਂ ਗਲਤ ਅਤੇ ਗੁੰਮਰਾਹਕੁੰਨ ਹਨ।"

"ਆਮ ਲੋਕਾਂ ਨੂੰ ਅਜਿਹਾ ਕੰਟੈਂਟ ਸ਼ੇਅਰ ਜਾਂ ਸਰਕੂਲੇਟ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜੋ ਵੈਰੀਫਾਈਡ ਨਹੀਂ ਹੈ। ਕੋਈ ਵੀ ਚੀਜ਼ ਪੋਸਟ ਕਰਨ ਜਾਂ ਜਾਣਕਾਰੀ ਫਾਰਵਰਡ ਕਰਨ ਤੋਂ ਪਹਿਲਾਂ ਅਧਿਕਾਰਤ ਸਰੋਤ ਤੋਂ ਤੱਥ ਦੀ ਪੜਤਾਲ ਕਰ ਲਓ।"

ਪਰ ਹੁਣ ਮੀਡੀਆ ਵਿੱਚ ਖ਼ਬਰਾਂ ਆ ਰਹੀਆਂ ਹਨ ਕਿ ਸੋਮਵਾਰ ਨੂੰ ਜੰਤਰ-ਮੰਤਰ 'ਤੇ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਪੈਲੇਟ ਗਨ ਦਾ ਇਸਤੇਮਾਲ ਹੋਇਆ ਸੀ। ਦਿੱਲੀ ਦੇ ਹਸਪਤਾਲਾਂ ਵਿੱਚ ਘੱਟੋ-ਘੱਟ ਤਿੰਨ ਅਜਿਹੇ ਲੋਕ ਭਰਤੀ ਹਨ, ਜਿਨ੍ਹਾਂ ਦਾ ਪੈਲੇਟ ਗਨ ਕਾਰਨ ਮਿਲੇ ਜ਼ਖਮਾਂ ਦਾ ਇਲਾਜ ਚੱਲ ਰਿਹਾ ਹੈ।

ਪਰ ਇਹ ਪੈਲੇਟ ਗਨ ਹੁੰਦੀ ਕੀ ਹੈ ਅਤੇ ਇਸ ਨੂੰ ਲੈ ਕੇ ਇੰਨਾ ਵਿਵਾਦ ਕਿਉਂ ਹੋ ਰਿਹਾ ਹੈ?

ਦੁਨੀਆ ਭਰ ਵਿੱਚ ਪੁਲਿਸ ਅਤੇ ਫੌਜ, ਗੁੱਸੇ ਵਿੱਚ ਆਈ ਭੀੜ ਨੂੰ ਕਾਬੂ ਕਰਨ ਲਈ ਜਿਹੜੇ ਗੈਰ-ਘਾਤਕ ਤਰੀਕੇ ਇਸਤੇਮਾਲ ਕਰਦੀ ਹੈ, ਉਨ੍ਹਾਂ ਵਿੱਚ ਪੈਲੇਟ ਗਨ ਵੀ ਸ਼ਾਮਿਲ ਹੈ। ਹੋਰ ਤਰੀਕਿਆਂ ਵਿੱਚ ਹੰਝੂ ਗੈਸ ਦੇ ਗੋਲੇ, ਪਾਣੀ ਦੀਆਂ ਬੁਛਾੜਾਂ, ਪੇਪਰ ਸਪਰੇਅ ਅਤੇ ਟੇਜ਼ਰ ਗਨ ਆਦਿ ਸ਼ਾਮਿਲ ਹਨ।

ਪੈਲੇਟ ਗਨ ਅਸਲ ਵਿੱਚ ਇੱਕ ਏਅਰ-ਪਾਵਰਡ ਹਥਿਆਰ ਹੁੰਦਾ ਹੈ, ਜੋ ਛੋਟੇ-ਛੋਟੇ ਧਾਤੂ (ਮੈਟਲ) ਜਾਂ ਪਲਾਸਟਿਕ ਦੇ ਪ੍ਰੋਜੈਕਟਾਈਲ (ਛੋਟੇ ਗੋਲੇ) ਫਾਇਰ ਕਰਦਾ ਹੈ। ਕਈ ਵਾਰ ਸੁਰੱਖਿਆ ਬਲ ਇਸ ਦੀ ਵਰਤੋਂ ਭੀੜ ਨੂੰ ਕਾਬੂ ਕਰਨ ਲਈ ਕਰਦੇ ਹਨ। ਆਮ ਤੌਰ 'ਤੇ ਇਹ ਖੇਡਾਂ ਅਤੇ ਕੀੜਿਆਂ ਨੂੰ ਕਾਬੂ ਕਰਨ (ਪੈਸਟ ਕੰਟਰੋਲ) ਲਈ ਕੰਮ ਆਉਂਦੀਆਂ ਹਨ।

ਪੈਲੇਟ ਗਨ ਆਮ ਤੌਰ 'ਤੇ ਤਿੰਨ ਕਿਸਮ ਦੀ ਹੁੰਦੀ ਹੈ।

ਪਹਿਲੀ ਕਿਸਮ- ਏਅਰ ਪਿਸਟਲ:

ਇਹ ਅਜਿਹੀ ਹੈਂਡਗਨ ਹੁੰਦੀ ਹੈ, ਜਿਸ ਵਿੱਚ ਸਪ੍ਰਿੰਗ, ਗੈਸ ਜਾਂ ਕਾਰਬਨ ਡਾਈਆਕਸਾਈਡ ਇਸਤੇਮਾਲ ਹੁੰਦੀ ਹੈ ਅਤੇ ਇਨ੍ਹਾਂ ਨੂੰ ਟਾਰਗੇਟ ਪ੍ਰੈਕਟਿਸ ਲਈ ਇਸਤੇਮਾਲ ਕੀਤਾ ਜਾਂਦਾ ਹੈ।

ਦੂਜੀ ਕਿਸਮ- ਏਅਰ ਰਾਈਫਲ:

ਇਹ ਲੰਬੇ ਬੈਰਲ ਵਾਲੀ ਗਨ ਹੁੰਦੀ ਹੈ, ਜਿਨ੍ਹਾਂ 'ਚ ਸਹੀ ਨਿਸ਼ਾਨਾ ਲਗਾਉਣ ਦੀ ਸਮਰੱਥਾ ਵੱਧ ਹੁੰਦੀ ਹੈ ਅਤੇ ਇਹ ਸਮਾਲ ਗੇਮ ਹੰਟਿੰਗ ਜਾਂ ਦੂਜੇ ਸਪੋਰਟਸ ਵਿੱਚ ਕੰਮ ਆਉਂਦੀਆਂ ਹਨ।

ਤੀਜੀ ਕਿਸਮ- ਕ੍ਰਾਊਡ ਕੰਟ੍ਰੋਲ ਸ਼ੌਟਗਨ:

ਇਹ 12 ਗੇਜ ਦੇ ਪੰਪ-ਐਕਸ਼ਨ ਹਥਿਆਰ ਹੁੰਦੇ ਹਨ, ਜਿਨ੍ਹਾਂ ਨੂੰ ਸੁਰੱਖਿਆ ਬਲ ਇਸਤੇਮਾਲ ਕਰਦੇ ਹਨ। ਇਸ ਵਿੱਚ ਕਈ ਛੋਟੇ ਪੈਲੇਟ ਨਾਲ ਪੈਕ ਕਾਰਟਰੇਜ ਫਾਇਰ ਕੀਤੇ ਜਾਂਦੇ ਹਨ।

ਇਹ ਆਮ ਹਥਿਆਰਾਂ ਤੋਂ ਇਸ ਲਈ ਵੱਖ ਹੁੰਦੀ ਹੈ ਕਿਉਂਕਿ ਇਸ ਵਿੱਚ ਗਨਪਾਊਡਰ ਦੇ ਧਮਾਕੇ ਦੀ ਬਜਾਏ ਕੰਪ੍ਰੈੱਸਡ ਏਅਰ ਇਸਤੇਮਾਲ ਹੁੰਦੀ ਹੈ।

ਇਹ ਮੋਡੀਫਾਈਡ ਪੰਪ-ਐਕਸ਼ਨ ਹਥਿਆਰ ਕਾਰਟਰੇਜ ਫਾਇਰ ਕਰਦੇ ਹਨ, ਜਿਨ੍ਹਾਂ 'ਚ ਛੋਟੇ-ਛੋਟੇ ਲੈੱਡ, ਮੈਟਲ ਜਾਂ ਰਬੜ ਦੇ ਪੈਲੇਟ ਹੁੰਦੇ ਹਨ। ਇੰਪੈਕਟ ਹੋਣ 'ਤੇ ਇਹ ਤੇਜ਼ੀ ਨਾਲ ਖਿੰਡਦੇ ਹਨ ਅਤੇ ਗੰਭੀਰ ਸੱਟਾਂ ਪਹੁੰਚਾ ਸਕਦੇ ਹਨ।

ਇੱਥੋਂ ਤੱਕ ਕਿ ਪੈਲੇਟ ਗਨ ਦੀ ਲਪੇਟ 'ਚ ਆਉਣ ਨਾਲ ਅੱਖਾਂ ਦੀ ਰੌਸ਼ਨੀ ਤੱਕ ਜਾ ਸਕਦੀ ਹੈ।

ਇਹ 500 ਗਜ਼ ਤੱਕ ਦੀ ਘੱਟ ਦੂਰੀ 'ਤੇ ਅਸਰਦਾਰ ਹੁੰਦੀ ਹੈ ਪਰ ਜੇਕਰ ਬਹੁਤ ਨੇੜਿਓਂ ਚਲਾਈ ਜਾਵੇ ਤਾਂ ਜਾਨਲੇਵਾ ਹੋ ਸਕਦੀ ਹੈ। ਖ਼ਾਸ ਕਰਕੇ ਜਦੋਂ ਅੱਖ ਵਰਗੇ ਸੰਵੇਦਨਸ਼ੀਲ ਅੰਗਾਂ 'ਤੇ ਸੱਟ ਲੱਗੇ। ਪੈਲੇਟ ਸਰੀਰ ਦੇ ਨਰਮ ਟਿਸ਼ੂਆਂ ਵਿੱਚ ਦਾਖ਼ਲ ਹੋ ਸਕਦੇ ਹਨ।

ਇੰਡੀਅਨ ਐਕਸਪ੍ਰੈਸ ਨੇ ਇੱਕ ਰਿਪੋਰਟ ਦਿੱਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਸੀਆਰਪੀਐੱਫ਼ ਨੇ ਇਹ ਪਤਾ ਲਗਾਉਣ ਲਈ ਜਾਂਚ ਦੇ ਆਦੇਸ਼ ਦਿੱਤੇ ਹਨ ਕਿ 20 ਜੁਲਾਈ ਨੂੰ ਕਦੋਂ ਕੀ ਹੋਇਆ ਸੀ।

ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਉਸ ਦੀ ਰੈਪਿਡ ਐਕਸ਼ਨ ਫੋਰਸ (ਆਰਏਐੱਫ਼) ਦੇ ਜਵਾਨਾਂ ਨੇ ਪ੍ਰਦਰਸ਼ਨਕਾਰੀਆਂ 'ਤੇ ਪੈਲੇਟ ਗਨ ਦਾ ਇਸਤੇਮਾਲ ਕੀਤਾ ?

ਆਰਏਐੱਫ਼, ਸੀਆਰਪੀਐੱਫ਼ ਦੀ ਇੱਕ ਵਿਸ਼ੇਸ਼ ਯੂਨਿਟ ਹੈ, ਜਿਸ ਦਾ ਗਠਨ ਸਾਲ 1992 ਵਿੱਚ ਦੰਗਿਆਂ ਨਾਲ ਨਜਿੱਠਣ ਲਈ ਕੀਤਾ ਗਿਆ ਸੀ।

ਪੈਲੇਟ ਗਨ ਨਾਲ ਜ਼ਖ਼ਮੀ ਲੋਕ

20 ਜੁਲਾਈ ਨੂੰ ਹੋਏ ਪ੍ਰਦਰਸ਼ਨ ਅਤੇ ਸੁਰੱਖਿਆ ਬਲਾਂ ਦੇ ਐਕਸ਼ਨ ਤੋਂ ਬਾਅਦ ਪੈਲੇਟ ਗਨ ਨਾਲ ਜ਼ਖ਼ਮੀ ਹੋਣ ਵਾਲੇ ਤਿੰਨ ਲੋਕਾਂ ਦੀ ਜਾਣਕਾਰੀ ਸਾਹਮਣੇ ਆਈ ਹੈ।

ਹਸਪਤਾਲ ਵਿੱਚ ਦਾਖ਼ਲ 25 ਸਾਲਾ ਇਰਸ਼ਾਦ ਸ਼ੇਖ਼ ਗੁਰੂਗ੍ਰਾਮ ਵਿੱਚ ਕੰਮ ਕਰਦੇ ਹਨ। 19 ਸਾਲ ਦੇ ਸਾਹਿਲ ਲੋਚਬ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਹਨ ਅਤੇ ਤੀਜੇ ਸ਼ਖਸ 28 ਸਾਲ ਦੇ 'ਆਉਟਲੁੱਕ' ਮੈਗਜ਼ੀਨ ਨਾਲ ਕੰਮ ਕਰਨ ਵਾਲੇ ਪੱਤਰਕਾਰ ਹਨ।

ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਪੈਲੇਟ ਗਨ ਦੇ ਇਸਤੇਮਾਲ ਤੋਂ ਸਪੱਸ਼ਟ ਇਨਕਾਰ ਕੀਤਾ ਹੈ ਪਰ ਪੈਲੇਟ ਗਨ ਅਤੇ ਸ਼ਾਕ ਬੈਟਨ, ਰੈਪਿਡ ਐਕਸ਼ਨ ਫੋਰਸ ਦੇ ਗਿਅਰ ਦਾ ਹਿੱਸਾ ਹਨ।

ਸੀਆਰਪੀਐੱਫ਼ ਦੀ ਇਸ ਇਕਾਈ ਦੇ ਸੁਰੱਖਿਆ ਮੁਲਾਜ਼ਮ 20 ਜੁਲਾਈ ਨੂੰ ਪੁਲਿਸ ਮੁਲਾਜ਼ਮਾਂ ਦੇ ਨਾਲ ਤੈਨਾਤ ਸਨ ਅਤੇ ਅਜੇ ਵੀ ਜੰਤਰ-ਮੰਤਰ 'ਤੇ ਉਨ੍ਹਾਂ ਦੀ ਤੈਨਾਤੀ ਦੇਖੀ ਜਾ ਸਕਦੀ ਹੈ।

ਦਿ ਹਿੰਦੂ ਦੀ ਇੱਕ ਰਿਪੋਰਟ ਮੁਤਾਬਕ, ਸੋਮਵਾਰ ਨੂੰ ਪਾਲਿਕਾ ਬਾਜ਼ਾਰ ਦੇ ਨੇੜੇ ਇਰਸ਼ਾਦ ਨੂੰ ਆਰਏਐੱਫ਼ ਦੇ ਇੱਕ ਅਧਿਕਾਰੀ ਨੇ ਹਿੱਟ ਕੀਤਾ ਸੀ। ਉਨ੍ਹਾਂ ਦੇ ਦੋਸਤ ਨੇ ਦੱਸਿਆ ਕਿ ਇਰਸ਼ਾਦ ਦੇ ਚਿਹਰੇ ਅਤੇ ਪੂਰੇ ਸਰੀਰ 'ਤੇ ਲਗਭਗ 30 ਤੋਂ 40 ਸੱਟਾਂ ਆਈਆਂ ਹਨ। ਇਨ੍ਹਾਂ ਵਿੱਚੋਂ ਚਾਰ ਸੱਟਾਂ, ਜਿਨ੍ਹਾਂ ਵਿੱਚ ਗਰਦਨ 'ਤੇ ਲੱਗੀ ਸੱਟ ਵੀ ਸ਼ਾਮਿਲ ਹੈ, ਕਾਫ਼ੀ ਡੂੰਘੀਆਂ ਸਨ, ਜਿਸ ਕਾਰਨ ਉਨ੍ਹਾਂ ਦੀ ਸਰਜਰੀ ਕਰਨੀ ਪਈ।

ਦਿ ਹਿੰਦੂ ਦੀ ਇੱਕ ਹੋਰ ਰਿਪੋਰਟ ਮੁਤਾਬਕ, ਪੈਲੇਟ ਗਨ ਦਾ ਇਸਤੇਮਾਲ ਆਖ਼ਰੀ ਵਾਰ ਪੰਜਾਬ-ਹਰਿਆਣਾ ਬਾਰਡਰ 'ਤੇ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ 2024 ਦੇ ਕਿਸਾਨ ਅੰਦੋਲਨ ਦੌਰਾਨ ਕੀਤਾ ਗਿਆ ਸੀ।

ਹਾਲਾਂਕਿ, ਪੁਲਿਸ ਨੇ ਉਦੋਂ ਪੈਲੇਟ ਗਨ ਦੇ ਇਸਤੇਮਾਲ ਤੋਂ ਇਨਕਾਰ ਕੀਤਾ ਸੀ ਪਰ ਕਿਸਾਨ ਆਗੂਆਂ ਦਾ ਇਲਜ਼ਾਮ ਸੀ ਕਿ ਕਈ ਲੋਕ ਜ਼ਖ਼ਮੀ ਹੋਏ ਸਨ।

ਸਾਲ 2023 ਵਿੱਚ ਜਾਤੀ ਹਿੰਸਾ ਨਾਲ ਜੂਝ ਰਹੇ ਮਣੀਪੁਰ ਵਿੱਚ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਇਨ੍ਹਾਂ ਗਨਸ ਦਾ ਇਸਤੇਮਾਲ ਕੀਤਾ ਗਿਆ ਸੀ, ਜਿਸ ਕਾਰਨ ਲੋਕਾਂ ਵਿੱਚ ਭਾਰੀ ਗੁੱਸਾ ਫੈਲ ਗਿਆ ਸੀ।

ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿੱਚ 2016 ਦੌਰਾਨ ਪੈਲੇਟ ਗਨ ਦਾ ਇਸਤੇਮਾਲ ਕੀਤਾ ਗਿਆ ਸੀ, ਜਿਸ ਨਾਲ ਕਈ ਲੋਕਾਂ ਨੂੰ ਗੰਭੀਰ ਸੱਟਾਂ ਆਈਆਂ ਸਨ।

ਸਾਹਿਲ ਲੋਚਬ ਦਾ ਕੀ ਹਾਲ ਹੈ ?

ਦਿੱਲੀ ਵਿੱਚ ਪੈਲੇਟ ਗਨ ਦੀ ਚਪੇਟ ਵਿੱਚ ਆਏ ਦੂਜੇ ਵਿਅਕਤੀ ਦਾ ਨਾਂਅ ਸਾਹਿਲ ਲੋਚਬ ਹੈ।

ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ, ਏਮਜ਼ ਟ੍ਰੌਮਾ ਸੈਂਟਰ ਵਿੱਚ ਭਰਤੀ ਸਾਹਿਲ ਲੋਚਬ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਸੱਜੀ ਅੱਖ ਦੀ ਰੌਸ਼ਨੀ ਜਾ ਸਕਦੀ ਹੈ। ਮੰਗਲਵਾਰ ਨੂੰ ਉਨ੍ਹਾਂ ਦੀ ਸਰਜਰੀ ਹੋਈ ਸੀ।

ਏਮਜ਼ ਦੇ ਇੱਕ ਸੀਨੀਅਰ ਅਧਿਕਾਰੀ ਨੇ ਇੰਡੀਅਨ ਐਕਸਪ੍ਰੈੱਸ ਨੂੰ ਦੱਸਿਆ ਕਿ ਲੋਚਬ ਦੇ ਸਰੀਰ ਦੇ ਸੱਜੇ ਹਿੱਸੇ ਵਿੱਚ "ਪੈਲੇਟ ਨਾਲ ਲੱਗੀਆਂ ਸੱਟਾਂ" ਹਨ।

ਅਧਿਕਾਰੀ ਨੇ ਕਿਹਾ, "ਮਰੀਜ਼ ਦੀ ਹਾਲਤ ਅਜੇ ਸਥਿਰ ਹੈ ਅਤੇ ਉਸ ਨੂੰ ਦਰਦ ਘੱਟ ਕਰਨ ਵਾਲੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਜਿੱਥੋਂ ਤੱਕ ਅੱਖਾਂ ਦੀ ਰੌਸ਼ਨੀ ਜਾਣ ਦੀ ਗੱਲ ਹੈ ਤਾਂ ਅਜੇ ਇਲਾਜ ਚੱਲ ਰਿਹਾ ਹੈ ਅਤੇ ਇਸ ਪੜਾਅ 'ਤੇ ਕਿਸੇ ਨਤੀਜੇ 'ਤੇ ਪਹੁੰਚਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਨੂੰ ਹਰ ਸੰਭਵ ਬਿਹਤਰ ਇਲਾਜ ਦਿੱਤਾ ਜਾ ਰਿਹਾ ਹੈ।"

ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ਼ ਓਪਨ ਲਰਨਿੰਗ ਦੇ ਵਿਦਿਆਰਥੀ ਸਾਹਿਲ ਲੋਚਬ ਨੇ ਕਿਹਾ ਕਿ ਉਹ 20 ਜੁਲਾਈ ਦੇ ਵਿਰੋਧ ਪ੍ਰਦਰਸ਼ਨ ਵਿੱਚ ਇਸ ਲਈ ਸ਼ਾਮਲ ਹੋਏ ਕਿਉਂਕਿ ਉਹ 2024 ਵਿੱਚ ਦਿੱਲੀ ਪੁਲਿਸ ਭਰਤੀ ਪ੍ਰੀਖਿਆ ਵਿੱਚ ਸ਼ਾਮਿਲ ਹੋਣ ਤੋਂ ਬਾਅਦ "ਨਿਰਾਸ਼" ਸਨ। ਇਹ ਪ੍ਰੀਖਿਆ ਪੇਪਰ ਲੀਕ ਹੋਣ ਕਾਰਨ ਰੱਦ ਕਰ ਦਿੱਤੀ ਗਈ ਸੀ।

ਇੰਡੀਅਨ ਐਕਸਪ੍ਰੈੱਸ ਮੁਤਾਬਕ, ਪੈਲੇਟ ਨਾਲ ਜ਼ਖ਼ਮੀ ਹੋਏ ਤੀਜੇ ਸ਼ਖਸ 'ਆਉਟਲੁੱਕ' ਦੇ ਪੱਤਰਕਾਰ ਹਨ।

ਸਫ਼ਦਰਜੰਗ ਹਸਪਤਾਲ ਦੀ 22 ਜੁਲਾਈ ਦੀ ਮੈਡੀਕਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਜੰਤਰ-ਮੰਤਰ 'ਤੇ ਪੈਲੇਟ ਗਨ ਨਾਲ ਹੋਏ ਹਮਲੇ 'ਚ ਸੱਟਾਂ ਆਈਆਂ ਹਨ।

ਰਿਪੋਰਟ ਵਿੱਚ ਉਨ੍ਹਾਂ ਦੇ ਸੱਜੇ ਹੱਥ, ਛਾਤੀ ਅਤੇ ਪਿੱਠ 'ਤੇ ਛੋਟੇ-ਛੋਟੇ ਜ਼ਖ਼ਮ ਦੱਸੇ ਗਏ ਹਨ ਅਤੇ ਡਾਕਟਰਾਂ ਨੇ ਇਨ੍ਹਾਂ ਸੱਟਾਂ ਨੂੰ "ਪੈਲੇਟ ਨਾਲ ਲੱਗੀਆਂ ਸੱਟਾਂ ਵਰਗਾ" ਦੱਸਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)