You’re viewing a text-only version of this website that uses less data. View the main version of the website including all images and videos.
ਫ਼ਰੀਦਕੋਟ ਵਿੱਚ ਨੌਜਵਾਨ ਵਿਆਹੁਤਾ ਲੜਕੀ ਦੇ ਕਤਲ ਦਾ ਕੀ ਹੈ ਪੂਰਾ ਮਾਮਲਾ
- ਲੇਖਕ, ਭਾਰਤ ਭੂਸ਼ਣ ਆਜ਼ਾਦ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਫ਼ਰੀਦਕੋਟ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਪ੍ਰੇਮ ਵਿਆਹ ਕਰਵਾਉਣ ਵਾਲੀ ਇੱਕ ਨੌਜਵਾਨ ਵਿਆਹੁਤਾ ਦਾ ਕਤਲ ਕਰ ਦਿੱਤਾ ਗਿਆ।
ਇਸ ਕਤਲ ਦੇ ਇਲਜ਼ਾਮ ਕੁੜੀ ਦੇ ਪਿਤਾ ਤੇ ਹੋਰ ਰਿਸ਼ਤੇਦਾਰਾਂ ਉਪਰ ਲੱਗੇ ਹਨ।
ਪੁਲਿਸ ਨੇ ਇਸ ਮਾਮਲੇ ਵਿੱਚ ਕੁੜੀ ਦੇ ਪਤੀ ਦੀ ਸ਼ਿਕਾਇਤ ਉੱਤੇ ਮ੍ਰਿਤਕਾ ਦੇ ਪਿਤਾ ਸਣੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੂਰਾ ਮਾਮਲਾ ਕੀ ਹੈ
ਪੁਲਿਸ ਦੀ ਐੱਫਆਈਆਰ ਵਿੱਚ ਲੜਕੇ ਵੱਲੋਂ ਦਿੱਤੀ ਸ਼ਿਕਾਇਤ ਮੁਤਾਬਕ ਉਹ ਤੇ ਮ੍ਰਿਤਕਾ ਮਹਿਕਪ੍ਰੀਤ ਕੌਰ ਇੱਕੋ ਪਿੰਡ ਦੇ ਸਨ ਤੇ ਪ੍ਰੇਮ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਇਸ ਲਈ ਦੋਵਾਂ ਦੇ ਪਰਿਵਾਰ ਸਹਿਮਤ ਨਹੀਂ ਸਨ।
ਇਸੇ ਕਾਰਨ ਉਨ੍ਹਾਂ ਨੇ ਪਿਛਲੇ ਜੂਨ ਮਹੀਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ।
ਐੱਫਆਈਆਰ ਮੁਤਾਬਕ ਦੋਵਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਰੱਖਿਆ ਲਈ ਅਪੀਲ ਕੀਤੀ ਸੀ, ਜਿਸ ਦੇ ਤਹਿਤ ਥਾਣਾ ਬਾਜਾਖਾਨਾ ਵਿੱਚ ਦੋਵੇਂ ਧਿਰਾਂ ਦੇ ਬਿਆਨ ਕਲਮਬੱਧ ਹੋਏ। ਇਸ ਦੌਰਾਨ ਮਹਿਕਪ੍ਰੀਤ ਕੌਰ ਦੇ ਮਾਪਿਆਂ ਨੇ ਸ਼ਰਤ ਰੱਖੀ ਕਿ ਉਹ ਦੋਵੇਂ ਇਸ ਪਿੰਡ ਵਿੱਚ ਨਹੀਂ ਰਹਿਣਗੇ।
ਇਸ ਕਰਕੇ ਉਹ ਦੋਵੇਂ ਲੜਕੇ ਦੀ ਭੈਣ ਦੇ ਘਰੇ ਰਹਿਣ ਲੱਗੇ।
ਐੱਫਆਈਆਰ ਮੁਤਾਬਕ 20 ਜੁਲਾਈ ਨੂੰ ਮਹਿਕਪ੍ਰੀਤ ਕੌਰ ਆਪਣੇ ਪਤੀ ਨਾਲ ਮੋਟਰਸਾਈਲ ਉਪਰ ਢਿੱਲਵਾਂ ਪਿੰਡ ਦੇ ਗੁਰਦੁਆਰੇ ਜਾ ਰਹੇ ਸਨ, ਜਿੱਥੇ ਰਾਹ ਵਿੱਚ ਲੜਕੀ ਦੇ ਪਿਤਾ ਤੇ ਉਸ ਦੇ ਰਿਸ਼ਤੇਦਾਰਾਂ ਨੇ ਦੋਵਾਂ ਨੂੰ ਘੇਰ ਲਿਆ ਤੇ ਉਹ ਦੋਵੇਂ ਮੋਟਰਸਾਈਕਲ ਸੁੱਟ ਕੇ ਭੱਜ ਨਿਕਲੇ।
ਐੱਫਆਈਆਰ ਵਿੱਚ ਲੜਕੇ ਨੇ ਦੱਸਿਆ ਕਿ ਉਹ ਆਪਣੀ ਜਾਨ ਬਚਾਉਣ ਲਈ ਭੱਜੇ ਪਰ ਮਹਿਕਪ੍ਰੀਤ ਖੇਤ ਵਿੱਚ ਲੱਗੀ ਕੰਢਿਆਲੀ ਤਾਰ ਵਿੱਚ ਫਸ ਕੇ ਉਥੇ ਡਿੱਗ ਗਈ ਤੇ ਪਿੱਛੋਂ ਆਏ ਲੜਕੀ ਦੇ ਪਿਤਾ ਤੇ ਹੋਰਾਂ ਨੇ ਉਸਦਾ ਕਤਲ ਕਰ ਦਿੱਤਾ।
ਪੁਲਿਸ ਨੇ ਕੀ ਦੱਸਿਆ
ਫਰੀਦਕੋਟ ਇੰਨਵੈਸਟੀਗੇਸ਼ਨ ਡੀਐੱਸਪੀ ਅਵਤਾਰ ਸਿੰਘ ਰਾਜਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਢਿੱਲਵਾਂ ਨੇੜੇ ਖਤਾਨਾ ਵਿੱਚ ਇੱਕ ਲੜਕੀ ਦੀ ਲਾਸ਼ ਪਈ ਹੈ।
ਉਨ੍ਹਾਂ ਦੱਸਿਆ, "ਲੜਕੀ ਦੀ ਪਹਿਛਾਣ ਮਹਿਕਪ੍ਰੀਤ ਕੌਰ ਵਜੋਂ ਹੋਈ ਹੈ। ਮਹਿਕਪ੍ਰੀਤ ਕੌਰ ਨੇ ਪਿੰਡ ਦੇ ਹੀ ਲੜਕੇ ਨਾਲ ਘਰੋਂ ਭੱਜ ਕੇ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਉਹ ਲੜਕੇ ਦੀ ਭੈਣ ਦੇ ਘਰ ਰਹਿ ਰਹੇ ਸਨ। ਇਹ ਦੋਵੇਂ 20 ਜੁਲਾਈ ਨੂੰ ਪਿੰਡ ਢਿੱਲਵਾਂ ਗੁਰਦੁਆਰੇ ਮੱਥਾ ਟੇਕਣ ਆ ਰਹੇ ਸਨ। ਇਨ੍ਹਾਂ ਦੇ ਆਉਣ ਬਾਰੇ ਲੜਕੀ ਦੇ ਪਿਤਾ ਨੂੰ ਪਤਾ ਲੱਗ ਗਿਆ ਕਿ ਉਹ ਆ ਰਹੇ ਹਨ ਤਾਂ ਉਸ ਨੇ ਆਪਣੇ ਕੁਝ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਇਨ੍ਹਾਂ ਨਾਲ ਧੱਕਾਮੁੱਕੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਲੜਕਾ ਜਾਨ ਬਚਾ ਕੇ ਭੱਜ ਨਿਕਲਿਆ।"
ਇਸ ਮਾਮਲੇ ਵਿੱਚ ਪੁਲਿਸ ਨੇ ਲੜਕੀ ਦੇ ਪਿਤਾ ਸਣੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਜਾਰੀ ਹੈ।
ਮ੍ਰਿਤਕਾ ਦੇ ਪਤੀ ਨੇ ਕੀ ਦੱਸਿਆ
ਮਹਿਕਪ੍ਰੀਤ ਕੌਰ ਦੇ ਪਤੀ ਨੇ ਦੱਸਿਆ ਕਿ ਉਸ ਦਿਨ ਕੀ ਕੁਝ ਹੋਇਆ ਸੀ।
ਉਨ੍ਹਾਂ ਨੇ ਦੱਸਿਆ, "ਅਸੀਂ 5-6 ਸਾਲਾਂ ਤੋਂ ਪ੍ਰੇਮ ਸਬੰਧ ਵਿੱਚ ਸੀ। ਉਸ ਦੇ ਪਰਿਵਾਰ ਉਸ ਦਾ ਕਿਤੇ ਹੋਰ ਵਿਆਹ ਕਰ ਰਹੇ ਸੀ ਅਤੇ ਫਿਰ ਇਸ ਕਰਕੇ ਡੇਢ ਮਹੀਨਾ ਪਹਿਲਾਂ ਅਸੀਂ ਭੱਜ ਕੇ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਅਸੀਂ ਪਿੰਡ ਤੋਂ ਬਾਹਰ ਮੇਰੀ ਭੈਣ ਕੋਲ ਹੀ ਰਹਿ ਰਹੇ ਸੀ। ਮਹਿਕਪ੍ਰੀਤ ਦੀ ਮਾਂ ਮੇਰੇ ਉਪਰ ਜ਼ੋਰ ਪਾ ਰਹੇ ਸਨ ਕਿ ਸਾਡੀ ਉਸ ਨਾਲ ਗੱਲ ਕਰਵਾ ਤੇ ਮਿਲਣ ਲਈ ਕਹਿ ਰਹੇ ਸਨ। ਫਿਰ ਉਨ੍ਹਾਂ ਨੇ ਸਾਨੂੰ ਢਿੱਲਵਾਂ ਗੁਰਦੁਆਰਾ ਦੁਪਹਿਰ ਸਮੇਂ ਮਿਲਣ ਲਈ ਕਿਹਾ। ਉਨ੍ਹਾਂ ਦੇ ਕਹਿ 'ਤੇ ਅਸੀਂ ਗੁਰਦੁਆਰੇ ਜਾ ਰਹੇ ਸੀ।"
ਉਨ੍ਹਾਂ ਨੇ ਅੱਗੇ ਦੱਸਿਆ, "ਢਿੱਲਵਾਂ ਨੇੜੇ ਹਾਈਵੇਅ 'ਤੇ ਕੁੜੀ ਦੇ ਪਿਤਾ ਤੇ ਹੋਰ ਕਈ ਜਾਣਿਆਂ ਨੇ ਸਾਨੂੰ ਘੇਰ ਲਿਆ ਸੀ ਤੇ ਮੇਰਾ ਮੋਟਰਸਾਈਕਲ ਚੱਲਦਾ-ਚੱਲਦਾ ਬੰਦ ਹੋ ਗਿਆ ਸੀ। ਫਿਰ ਅਸੀਂ ਦੋਵੇਂ ਖੇਤਾਂ ਵਿੱਚ ਭੱਜੇ, ਜਿੱਥੇ ਰਾਹ 'ਚ ਮਹਿਕਪ੍ਰੀਤ ਡਿੱਗ ਗਈ। ਇਸ ਤੋਂ ਮੈਨੂੰ ਨਹੀਂ ਪਤਾ ਉਨ੍ਹਾਂ ਨੇ ਉਸ ਨਾਲ ਕੀ ਕੀਤਾ।"
"ਮੇਰੀ ਜਾਨ ਨੂੰ ਵੀ ਖਤਰਾ ਹੈ। ਹੁਣ ਤਾਂ ਕੋਈ ਹੋਰ ਮੰਗ ਨਹੀਂ ਹੁਣ ਬਸ ਬੈਠ ਕੇ ਰਾਜੀਨਾਮਾ ਕਰ ਲੈਣ, ਮੈਨੂੰ ਸੁਰੱਖਿਆ ਚਾਹੀਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ