ਸਰਕਾਰ ਅਤੇ ਸੀਜੇਪੀ ਵਫ਼ਦ ਵਿਚਾਲੇ ਬੈਠਕ ਖਤਮ, ਧਰਮਿੰਦਰ ਪ੍ਰਧਾਨ ਦੇ ਅਸਤੀਫੇ 'ਤੇ ਫਸਿਆ ਪੇਚ, ਕੱਲ੍ਹ ਮੁੜ ਹੋਵੇਗੀ ਮੀਟਿੰਗ

ਤਸਵੀਰ ਸਰੋਤ, @ANI
ਜੰਤਰ-ਮੰਤਰ 'ਤੇ ਜਾਰੀ ਪ੍ਰਦਰਸ਼ਨ ਨੂੰ ਲੈ ਕੇ ਕੇਂਦਰ ਅਤੇ ਸੀਜੇਪੀ ਦੇ ਵਫ਼ਦ ਵਿਚਾਲੇ ਕਰੀਬ ਦੋ ਘੰਟੇ ਚੱਲੀ ਬੈਠਕ ਖਤਮ ਹੋ ਗਈ ਹੈ। ਹਾਲਾਂਕਿ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਨੂੰ ਲੈ ਕੇ ਅਜੇ ਵੀ ਪੇਚ ਫਸਿਆ ਹੋਇਆ ਅਤੇ ਕੱਲ੍ਹ ਮੁੜ ਦੋਹਾਂ ਧਿਰਾਂ ਵਿਚਾਲੇ ਦੁਪਹਿਰ ਬਾਅਦ ਮੁੜ ਬੈਠਕ ਹੋਵੇਗੀ।
ਨੀਟ ਪੇਪਰ ਲੀਕ ਅਤੇ ਇਸ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੀ ਅਗਵਾਈ ਹੇਠ ਮੁਜ਼ਾਹਰਾਕਾਰੀ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਜੰਤਰ-ਮੰਤਰ 'ਤੇ ਧਰਨਾ ਦੇ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰੀਖਿਆ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਕਾਰਨ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਪ੍ਰਭਾਵਿਤ ਹੋਇਆ ਹੈ। ਮੁਜ਼ਾਹਰਾਕਾਰੀਆਂ ਦੀਆਂ ਮੁੱਖ ਮੰਗਾਂ ਵਿੱਚ ਪੇਪਰ ਲੀਕ ਮਾਮਲੇ ਦੀ ਨਿਰਪੱਖ ਜਾਂਚ, ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ, ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਸ਼ਾਮਲ ਹੈ।
ਮੀਟਿੰਗ ਦੌਰਾਨ ਕੀ ਗੱਲਬਾਤ ਹੋਈ ?

ਤਸਵੀਰ ਸਰੋਤ, @ANI
ਕੇਂਦਰ ਸਰਕਾਰ ਵੱਲੋਂ ਜੇਪੀ ਨੱਡਾ ਅਤੇ ਜਿਤੇਂਦਰ ਸਿੰਘ ਬੈਠਕ ਵਿੱਚ ਸ਼ਾਮਿਲ ਹੋਏ ਜਦੋਂਕਿ ਪ੍ਰਦਰਸ਼ਨਕਾਰੀਆਂ ਵੱਲੋਂ ਸੀਜੇਪੀ ਦੇ ਬੁਲਾਰੇ ਸੌਰਭ ਦਾਸ ਅਤੇ ਆਸ਼ੁਤੋਸ਼ ਰਾਂਕਾ ਬੈਠਕ ਵਿੱਚ ਸ਼ਾਮਿਲ ਹੋਏ।
ਬੈਠਕ ਤੋਂ ਬਾਅਦ ਸੀਜੇਪੀ ਦੇ ਵਫ਼ਦ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, "ਅਸੀਂ ਸਰਕਾਰ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਧਰਮਿੰਦਰ ਪ੍ਰਧਾਨ ਦੇ ਅਸਤੀਫੇ 'ਤੇ ਕੋਈ ਸਮਝੌਤਾ ਨਹੀਂ ਹੋਵੇਗਾ, ਜਿਸ 'ਤੇ ਸਰਕਾਰ ਨੇ ਕੱਲ੍ਹ ਦੁਪਹਿਰ ਤੱਕ ਦਾ ਸਮਾਂ ਮੰਗਿਆ ਹੈ। ਬਾਕੀ ਦੋ ਮੰਗਾਂ, ਜਿਨ੍ਹਾਂ ਵਿੱਚ ਨੀਟ ਪੇਪਰ ਲੀਕ ਦੇ ਪੀੜਤ ਪਰਿਵਾਰਾਂ ਲਈ 1 ਕਰੋੜ ਦਾ ਮੁਆਵਜ਼ਾ ਅਤੇ ਧਰਨੇ ਵਿੱਚ ਸ਼ਾਮਿਲ ਪ੍ਰਦਰਸ਼ਨਕਾਰੀਆਂ ਖਿਲਾਫ ਦਰਜ ਹੋਏ ਕੇਸ ਰੱਦ ਕਰਨ ਦੀ ਮੰਗ 'ਤੇ ਸਰਕਾਰ ਨੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ।"

ਤਸਵੀਰ ਸਰੋਤ, @ANI
ਦੂਜੇ ਪਾਸੇ ਕੇਂਦਰੀ ਮੰਤਰੀ ਜੇਪੀ ਨੱਡਾ ਮੁਤਾਬਕ ਬੈਠਕ ਚੰਗੇ ਮਾਹੌਲ ਵਿੱਚ ਹੋਈ ਹੈ। ਨੱਡਾ ਨੇ ਕਿਹਾ,"ਮੀਟਿੰਗ ਕਰੀਬ ਦੋ ਘੰਟਿਆਂ ਤੱਕ ਚੱਲੀ। ਉਨ੍ਹਾਂ ਨੇ ਤਿੰਨ ਮੰਗਾਂ ਰੱਖੀਆਂ ਅਤੇ ਪ੍ਰੀਖਿਆਵਾਂ ਨੂੰ ਲੈ ਕੇ ਪੰਜ ਸੁਧਾਰ ਸੁਝਾਏ ਹਨ। ਅਸੀਂ ਉਨ੍ਹਾਂ ਨੂੰ ਕਿਹਾ ਹੈ ਕਿ ਅਸੀਂ ਕੱਲ੍ਹ ਦੁਬਾਰਾ ਉਨ੍ਹਾਂ ਨਾਲ ਦੁਪਹਿਰ ਵੇਲੇ ਮੁਲਾਕਾਤ ਕਰਾਂਗੇ ਅਤੇ ਦੱਸਾਂਗੇ ਕਿ ਇਸ ਬਾਬਤ ਸਾਡੀ ਸਰਕਾਰ ਨਾਲ ਕੀ ਗੱਲ ਹੋਈ ਹੈ।"
ਸੋਨਮ ਵਾਂਗਚੁਕ ਖਤਮ ਕਰ ਚੁੱਕੇ ਭੁੱਖ ਹੜਤਾਲ

ਤਸਵੀਰ ਸਰੋਤ, Wangchuk66
ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ 26 ਦਿਨਾਂ ਬਾਅਦ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਪੋਸਟ ਕਰਕੇ ਦੱਸਿਆ ਕਿ ਕੇਂਦਰੀ ਮੰਤਰੀ ਜੇਪੀ ਨੱਡਾ ਅਤੇ ਡਾਕਟਰ ਜਿਤੇਂਦਰ ਸਿੰਘ ਦੇ ਨਾਲ-ਨਾਲ ਲੇਹ-ਲੱਦਾਖ ਦੀ ਐਪੈਕਸ ਬਾਡੀ ਦੇ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਉਨ੍ਹਾਂ ਨੇ ਆਪਣੀ ਹੜਤਾਲ ਖ਼ਤਮ ਕਰ ਦਿੱਤੀ ਹੈ।
ਸੋਨਮ ਵਾਂਗਚੁਕ ਨੇ ਲਿਖਿਆ, "ਇਸ ਤੋਂ ਪਹਿਲਾਂ, ਵੱਖ-ਵੱਖ ਸਿਆਸੀ ਪਾਰਟੀਆਂ ਦੇ 65 ਸੰਸਦ ਮੈਂਬਰਾਂ ਨੇ ਮੈਨੂੰ ਪੱਤਰ ਲਿਖ ਕੇ ਭੁੱਖ ਹੜਤਾਲ ਤੋੜਨ ਦੀ ਅਪੀਲ ਕੀਤੀ ਸੀ।"
ਉਨ੍ਹਾਂ ਨੇ ਦੱਸਿਆ ਕਿ ਇਹ ਫ਼ੈਸਲਾ ਕਈ ਸ਼ਰਤਾਂ 'ਤੇ ਹੋਈ ਲੰਬੀ ਗੱਲਬਾਤ ਅਤੇ ਦੇਸ਼ ਵਿੱਚ ਸੰਭਾਵਿਤ ਹਿੰਸਾ ਦੇ ਖਦਸ਼ੇ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।
ਵਾਂਗਚੁਕ ਨੇ ਅੱਗੇ ਲਿਖਿਆ, "ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਾ ਹੋਣ ਦਿਓ ਅਤੇ ਇਸ ਨੂੰ ਲੈਕੇ ਬਹੁਤ ਸੁਚੇਤ ਰਹੋ।"
ਸੋਨਮ ਵਾਂਗਚੁਕ ਨੇ ਆਪਣੀ ਭੁੱਖ ਹੜਤਾਲ ਖਤਮ ਕਰਨ ਬਾਰੇ ਅੱਜ ਸਵੇਰੇ ਇੱਕ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਸਰਕਾਰ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰਾਂ ਵੱਲੋਂ ਇਹ ਭਰੋਸਾ ਦਿੱਤਾ ਗਿਆ ਹੈ ਕਿ ਨਾਕਾਮ ਹੋ ਰਹੀ ਪ੍ਰੀਖਿਆ ਪ੍ਰਣਾਲੀ ਵਿੱਚ ਜਵਾਬਦੇਹੀ ਦੇ ਮੁੱਦੇ 'ਤੇ ਭਾਰਤੀ ਸੰਸਦ ਦੇ ਦੋਵੇਂ ਸਦਨਾਂ ਵਿੱਚ ਚਰਚਾ ਕੀਤੀ ਜਾਵੇਗੀ।
ਵਾਂਗਚੁਕ ਦੀ ਪੋਸਟ ਮੁਤਾਬਕ, ਸਰਕਾਰ ਨੇ ਭਰੋਸਾ ਵੀ ਦਿੱਤਾ ਕਿ ਹਾਲ ਹੀ ਵਿੱਚ ਹੋਏ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਉਚਿਤ ਮੁਆਵਜ਼ਾ ਦੇਣ ਬਾਰੇ ਵਿਚਾਰ ਕਰ ਰਹੀ ਹੈ ਅਤੇ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਨੌਜਵਾਨਾਂ ਖ਼ਿਲਾਫ਼ ਕੋਈ ਮਾਮਲੇ ਦਰਜ ਨਹੀਂ ਕੀਤੇ ਜਾਣਗੇ।
ਉਨ੍ਹਾਂ ਦੁਆਰਾ ਸਾਂਝੇ ਕੀਤੇ ਗਏ ਵੀਡੀਓ ਵਿੱਚ ਕੇਂਦਰੀ ਮੰਤਰੀ ਜੇਪੀ ਨੱਡਾ ਸਰਕਾਰ ਵੱਲੋਂ ਇੱਕ ਭਰੋਸਾ ਪੱਤਰ ਪੜ੍ਹ ਕੇ ਸੁਣਾਉਂਦੇ ਹੋਏ ਦਿਖਾਈ ਦੇ ਰਹੇ ਹਨ। ਨਾਲ ਹੀ ਵਾਂਗਚੁਕ ਨੇ ਇਸ ਪੱਤਰ ਦੀ ਫੋਟੋ ਵੀ ਸਾਂਝਾ ਕੀਤੀ ਹੈ।
ਨੀਟ-ਯੂਜੀ ਪੇਪਰ ਲੀਕ ਨੂੰ ਲੈ ਕੇ ਵਿਦਿਆਰਥੀ ਪਿਛਲੇ ਇੱਕ ਮਹੀਨੇ ਤੋਂ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਹਨ।
ਪ੍ਰਦਰਸ਼ਨਕਾਰੀ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਇਸ ਮੰਗ ਦੇ ਸਮਰਥਨ ਵਿੱਚ ਸੋਨਮ ਵਾਂਗਚੁਕ ਪਿਛਲੇ 26 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਹੋਏ ਸਨ।
ਪ੍ਰਧਾਨ ਮੰਤਰੀ ਮੋਦੀ ਨੇ ਕੀ ਕਿਹਾ?

ਤਸਵੀਰ ਸਰੋਤ, @narendramodi /X
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਐਕਸ ਅਕਾਊਂਟ 'ਤੇ ਇੱਕ ਪੋਸਟ ਕਰਦਿਆਂ ਲਿਖਿਆ, ''ਮੈਂ ਸੋਨਮ ਜੀ ਨੂੰ ਅਪੀਲ ਕਰਦਾ ਹਾਂ ਕਿ ਉਹ ਡਾਕਟਰਾਂ ਦੀ ਸਲਾਹ ਅਨੁਸਾਰ ਆਪਣੀ ਰੁਟੀਨ ਦੀ ਪਾਲਣਾ ਕਰਨ ਅਤੇ ਜਿੰਨੀ ਜਲਦੀ ਹੋ ਸਕੇ ਆਪਣਾ ਪਹਿਲਾਂ ਵਾਲਾ ਵਜ਼ਨ ਮੁੜ ਹਾਸਿਲ ਕਰਨ।''
''ਮੈਂ ਪ੍ਰਭੂ ਅੱਗੇ ਅਰਦਾਸ ਕਰਦਾ ਹਾਂ ਕਿ ਸੋਨਮ ਜੀ ਹਮੇਸ਼ਾ ਤੰਦਰੁਸਤ ਰਹਿਣ।''
ਕਾਕਰੋਚ ਜਨਤਾ ਪਾਰਟੀ ਨੇ ਕੀ ਕਿਹਾ

ਤਸਵੀਰ ਸਰੋਤ, @Cockroachisback /X
ਸੋਨਮ ਵਾਂਗਚੁਕ ਵੱਲੋਂ ਭੁੱਖ ਹੜਤਾਲ ਖਤਮ ਕੀਤੇ ਜਾਣ 'ਤੇ ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਉਨ੍ਹਾਂ ਦੇ ਹੌਸਲੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਕਾਕਰੋਚ ਇਜ ਬੈਕ ਨਾਮ ਦੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪੋਸਟ ਵਿੱਚ ਉਨ੍ਹਾਂ ਕਿਹਾ, ''ਸਾਨੂੰ ਰਾਹਤ ਅਤੇ ਖੁਸ਼ੀ ਹੈ ਕਿ ਸੋਨਮ ਸਰ ਨੇ 26 ਦਿਨਾਂ ਬਾਅਦ ਆਪਣੀ ਭੁੱਖ ਹੜਤਾਲ ਸਮਾਪਤ ਕਰ ਦਿੱਤੀ ਹੈ।
''ਸਰ, ਤੁਹਾਡੇ ਅਸਾਧਾਰਣ ਹੌਸਲੇ ਅਤੇ ਕੁਰਬਾਨੀ ਲਈ ਤੁਹਾਡਾ ਧੰਨਵਾਦ। ਆਪਣੀ ਜਾਨ ਨੂੰ ਦਾਅ 'ਤੇ ਲਾ ਕੇ ਤੁਸੀਂ ਪੂਰੇ ਦੇਸ਼ ਦੇ ਜ਼ਮੀਰ ਨੂੰ ਜਗਾ ਦਿੱਤਾ ਹੈ। ਤੁਹਾਡੀ ਜ਼ਿੰਦਗੀ ਇਸ ਦੇਸ਼ ਲਈ ਬਹੁਤ ਕੀਮਤੀ ਹੈ।''
ਦੀਪਕੇ ਨੇ ਅੱਗੇ ਕਿਹਾ, ''ਕਾਕਰੋਚ ਜਨਤਾ ਪਾਰਟੀ ਦਾ ਜੰਤਰ-ਮੰਤਰ 'ਤੇ ਸ਼ਾਂਤੀਪੂਰਨ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਧਰਮੇਂਦਰ ਪ੍ਰਧਾਨ ਅਸਤੀਫ਼ਾ ਨਹੀਂ ਦੇ ਦਿੰਦੇ।''
ਕਾਕਰੋਚ ਜਨਤਾ ਪਾਰਟੀ ਦੇ ਮੁੱਖ ਬੁਲਾਰੇ ਸੌਰਵ ਦਾਸ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਸੋਨਮ ਵਾਂਗਚੁਕ ਦੇ ਫੈਸਲੇ ਨਾਲ ਰਾਹਤ ਵਿੱਚ ਹਨ।
ਉਨ੍ਹਾਂ ਲੰਘੀ ਰਾਤ ਦੱਸਿਆ ਸੀ, ''ਕੱਲ੍ਹ ਇੱਕ ਚਰਚਾ ਬੁਲਾਈ ਗਈ ਹੈ। ਸਾਨੂੰ ਬਹੁਤ ਖੁਸ਼ੀ ਹੈ ਕਿ ਸਰਕਾਰ ਸਾਡੀ ਇਸ ਮੰਗ ਨਾਲ ਸਹਿਮਤ ਹੋ ਗਈ ਹੈ ਕਿ ਇਹ ਚਰਚਾ ਕਿਸੇ ਨਿਰਪੱਖ ਥਾਂ 'ਤੇ ਹੋਵੇ। ਇਸ ਲਈ ਕਾਂਸਟੀਟਿਊਸ਼ਨ ਕਲੱਬ ਆਫ਼ ਇੰਡੀਆ ਨੂੰ ਚੁਣਿਆ ਗਿਆ ਹੈ।"
ਉਨ੍ਹਾਂ ਅੱਗੇ ਕਿਹਾ, ''ਸਾਨੂੰ ਉਮੀਦ ਹੈ ਕਿ ਸਰਕਾਰ ਖੁੱਲ੍ਹੇ ਦਿਮਾਗ ਨਾਲ ਇਸ ਦੇਸ਼ ਦੇ ਲੋਕਾਂ ਦੀ ਗੱਲ ਸੁਣੇਗੀ, ਜੋ ਇੰਨੇ ਸਮੇਂ ਤੋਂ ਸੜਕਾਂ 'ਤੇ ਉਤਰੇ ਹੋਏ ਹਨ।''
ਪ੍ਰਧਾਨ ਮੰਤਰੀ ਮੋਦੀ ਨੇ ਪੇਪਰ ਲੀਕ ਬਾਰੇ ਕੀ ਕਿਹਾ

ਤਸਵੀਰ ਸਰੋਤ, @narendramodi/X
ਇਸ ਤੋਂ ਪਹਿਲਾਂ, ਬੀਤੀ ਦੇਰ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਪੇਪਰ ਲੀਕ ਮਾਮਲੇ 'ਚ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ।
ਉਨ੍ਹਾਂ ਕਿਹਾ, ''ਦੋਸਤੋ, ਮੈਂ ਜਾਣਦਾ ਹਾਂ ਕਿ ਪੇਪਰ ਲੀਕ ਕੋਈ ਛੋਟਾ ਮਾਮਲਾ ਨਹੀਂ ਹੈ। ਲੱਖਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਬਹੁਤ ਪੀੜਦਾਇਕ ਹੈ। ਅਤੇ ਇਸ ਲਈ, ਪੇਪਰ ਲੀਕ ਘਟਨਾ ਨਾਲ ਹੁਣ ਤੱਕ ਪਿਛਲੇ ਢਾਈ ਮਹੀਨਿਆਂ 'ਚ ਕਈ ਕਦਮ ਚੁੱਕੇ ਗਏ। ਦੋਸ਼ੀਆਂ ਨੂੰ ਫੜ੍ਹਿਆ ਗਿਆ ਹੈ, ਉਹ ਜੇਲ੍ਹ 'ਚ ਹਨ।''
''ਸਾਡੀ ਸਭ ਤੋਂ ਅਹਿਮ ਜ਼ਿੰਮੇਦਾਰੀ ਸੀ ਕਿ ਵਿਦਿਆਰਥੀਆਂ ਦਾ ਇੱਕ ਸਾਲ ਬਰਬਾਦ ਨਾ ਹੋਵੇ। ਤਤਕਾਲ ਪ੍ਰੀਖਿਆਵਾਂ ਲੈਣਾ ਬਹੁਤ ਜ਼ਰੂਰੀ ਸੀ।''
ਉਨ੍ਹਾਂ ਕਿਹਾ, ''ਸਰਕਾਰ ਨੇ ਲਗਭਗ 22 ਲੱਖ ਵਿਦਿਆਰਥੀਆਂ ਲਈ ਮੁੜ ਪ੍ਰੀਖਿਆ ਕਰਵਾਉਣ ਵਾਸਤੇ ਆਪਣੀ ਪੂਰੀ ਪ੍ਰਸ਼ਾਸਨਿਕ ਮਸ਼ੀਨਰੀ ਨੂੰ ਕੰਮ 'ਤੇ ਲਾ ਦਿੱਤਾ। 19 ਜੁਲਾਈ ਨੂੰ ਨਤੀਜੇ ਵੀ ਐਲਾਨ ਦਿੱਤੇ ਗਏ। ਦੇਸ਼ ਭਰ ਤੋਂ ਸਫਲ ਉਮੀਦਵਾਰਾਂ ਵੱਲੋਂ ਆਪਣੀ ਕਾਮਯਾਬੀ ਦਾ ਜਸ਼ਨ ਮਨਾਉਣ ਦੀਆਂ ਖ਼ਬਰਾਂ ਆ ਰਹੀਆਂ ਹਨ।"
ਉਨ੍ਹਾਂ ਨੇ ਕਿਹਾ, "ਪਰ ਅਸੀਂ ਅਜਿਹੇ ਲੋਕ ਨਹੀਂ ਹਾਂ ਜੋ ਸਿਰਫ਼ ਇੰਨੇ ਨਾਲ ਹੀ ਸੰਤੁਸ਼ਟ ਹੋ ਜਾਈਏ। ਇਸ ਲਈ, ਮੈਂ ਵਿਭਾਗਾਂ ਨੂੰ ਫਾਸਟ-ਟ੍ਰੈਕ ਅਦਾਲਤਾਂ ਲਈ ਪ੍ਰਬੰਧ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ।"
ਉਨ੍ਹਾਂ ਕਿਹਾ, "ਮੈਨੂੰ ਵਿਭਾਗਾਂ ਨੇ ਮਸੌਦਾ ਵੀ ਦੇ ਦਿੱਤਾ ਹੈ, ਫਾਸਟ-ਟ੍ਰੈਕ ਅਦਾਲਤਾਂ ਅਤੇ ਸਖ਼ਤ ਸਜ਼ਾ ਦੇ ਪ੍ਰਬੰਧ ਮਸੌਦੇ ਵਿੱਚ ਸ਼ਾਮਲ ਹਨ। ਕੱਲ੍ਹ(ਸ਼ੁੱਕਰਵਾਰ) ਕੈਬਿਨੇਟ ਵਿੱਚ ਇਸ 'ਤੇ ਚਰਚਾ ਹੋਵੇਗੀ। ਕੈਬਿਨੇਟ ਦੇ ਸਹਿਯੋਗੀਆਂ ਦੇ ਸੁਝਾਵਾਂ ਨੂੰ ਸ਼ਾਮਲ ਕਰਨ ਤੋਂ ਬਾਅਦ, ਬਿੱਲ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।"
ਪੀਐਮ ਨੇ ਕਿਹਾ, "ਸੰਸਦ ਸੈਸ਼ਨ ਦਾ ਦੂਜਾ ਹਫ਼ਤਾ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ, ਅਤੇ ਅਸੀਂ ਜਿੰਨੀ ਜਲਦੀ ਹੋ ਸਕੇ ਦੋਵੇਂ ਸਦਨਾਂ ਤੋਂ ਬਿੱਲ ਪਾਸ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ।"
ਸੋਨੀਆ ਗਾਂਧੀ ਨੇ ਕਿਹਾ,"ਵਿਦਿਆਰਥੀਆਂ ਨੇ ਮੋਦੀ ਸਰਕਾਰ ਦੀ ਪੋਲ ਖੋਲ੍ਹ ਦਿੱਤੀ ਹੈ"

ਤਸਵੀਰ ਸਰੋਤ, ANI
ਸੋਨੀਆ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਦਿਆਰਥੀਆਂ ਨੇ ਜਵਾਬਦੇਹੀ ਅਤੇ ਸਿੱਖਿਆ ਵਿਵਸਥਾ ਵਿੱਚ ਸੁਧਾਰ ਦੀ ਮੰਗ ਕੀਤੀ ਹੈ ਪਰਮੋਦੀ ਸਰਕਾਰ ਨੇ ਉਨ੍ਹਾਂ ਦੇ ਹੌਸਲੇ ਦਾ ਜਵਾਬ "ਕਾਇਰਤਾ ਅਤੇ ਬੇਰਹਿਮੀ" ਨਾਲ ਦਿੱਤਾ ਹੈ।
ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਉਨ੍ਹਾਂ ਕਿਹਾ, "ਸਰਕਾਰ ਨੇ ਵਿਦਿਆਰਥੀਆਂ ਨਾਲ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨ ਵਾਲੇ ਨਾਗਰਿਕਾਂ ਵਾਂਗ ਨਹੀਂ, ਸਗੋਂ ਦੇਸ਼ ਦੇ ਦੁਸ਼ਮਣਾਂ ਵਾਂਗ ਵਿਵਹਾਰ ਕੀਤਾ ਹੈ।"
ਉਨ੍ਹਾਂ ਇਲਜ਼ਾਮ ਲਗਾਇਆ ਕਿ ਮੋਦੀ ਸਰਕਾਰ ਨੇ ਭਾਰਤ ਦੀ ਸਿੱਖਿਆ ਪ੍ਰਣਾਲੀ ਨੂੰ ਕਮਜ਼ੋਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਦੇਸ਼ ਦੇ ਵਿਦਿਆਰਥੀਆਂ ਨੇ ਮੋਦੀ ਸਰਕਾਰ ਦੇ ਦਾਵਿਆਂ ਅਤੇ ਹੰਕਾਰ ਦੀ ਪੋਲ ਖੋਲ੍ਹ ਦਿੱਤੀ ਹੈ।
ਸੋਨੀਆ ਗਾਂਧੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਨਾਲ ਖੜ੍ਹਾ ਹੋਣਾ ਅਤੇ ਉਨ੍ਹਾਂ ਦੇ ਭਵਿੱਖ ਦੀ ਰੱਖਿਆ ਕਰਨਾ ਸਾਡੀ ਨੈਤਿਕ, ਸਿਆਸੀ ਅਤੇ ਸੰਵਿਧਾਨਕ ਜ਼ਿੰਮੇਵਾਰੀ ਹੈ।
ਪੀਐੱਮ ਦੇ ਬਿਆਨ ਉੱਤੇ ਰਾਹੁਲ ਗਾਂਧੀ ਨੇ ਕੀ ਕਿਹਾ?

ਤਸਵੀਰ ਸਰੋਤ, Getty Images
ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਇਸ ਵੀਡੀਓ ਸੰਦੇਸ਼ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ''ਮਿਸਟਰ ਮੋਦੀ, ਸਾਡੇ ਵਿਦਿਆਰਥੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।''
''ਅੱਧੀ ਰਾਤ ਨੂੰ ਜਾਰੀ ਕੀਤੀ ਇਸ ਵੀਡੀਓ ਨਾਲ ਉਨ੍ਹਾਂ ਦੀ ਸਮਝਦਾਰੀ ਦਾ ਅਪਮਾਨ ਨਾ ਕਰੋ।''
ਉਨ੍ਹਾਂ ਗੱਲੇ ਲਿਖਿਆ:
ਪ੍ਰਧਾਨ ਨੂੰ ਅਹੁਦੇ ਤੋਂ ਹਟਾਓ।
ਵਿਦਿਆਰਥੀਆਂ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਸਜ਼ਾ ਦਿਓ।
ਮਾਫ਼ੀ ਮੰਗੋ।

ਤਸਵੀਰ ਸਰੋਤ, Getty Images
ਡੀਯੂ ਵੱਲੋਂ ਵਿਦਿਆਰਥੀਆਂ ਨੂੰ ਲੈ ਕੇ ਦਿੱਤੇ ਨਿਰਦੇਸ਼ਾਂ 'ਤੇ ਰਾਹੁਲ ਗਾਂਧੀ ਨੇ ਚੁੱਕੇ ਸਵਾਲ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਦਿੱਲੀ ਯੂਨੀਵਰਸਿਟੀ ਦੇ ਉਸ ਨਿਰਦੇਸ਼ 'ਤੇ ਪ੍ਰਤੀਕਿਰਿਆ ਦਿੱਤੀ ਹੈ, ਜਿਸ ਵਿੱਚ ਵਿਦਿਆਰਥੀਆਂ ਨੂੰ ਜੰਤਰ-ਮੰਤਰ 'ਤੇ ਚੱਲ ਰਹੇ ਪ੍ਰਦਰਸ਼ਨ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।
ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਲਿਖਿਆ, "ਲੋਕਤੰਤਰੀ ਅਧਿਕਾਰਾਂ ਦੀ ਵਰਤੋਂ ਕਰਨ 'ਤੇ ਵਿਦਿਆਰਥੀਆਂ ਨੂੰ ਧਮਕਾਉਣ ਦੀ ਤੁਹਾਡੀ ਹਿੰਮਤ ਕਿਵੇਂ ਹੋਈ ? ਯਾਦ ਰੱਖੋ, ਸਮਾਂ ਆਉਣ 'ਤੇ ਤੁਹਾਨੂੰ ਹੀ ਇਸ ਲਈ ਜਵਾਬਦੇਹ ਠਹਿਰਾਇਆ ਜਾਵੇਗਾ।"
ਦਿੱਲੀ ਯੂਨੀਵਰਸਿਟੀ ਨੇ ਆਪਣੇ ਵਿਦਿਆਰਥੀਆਂ ਲਈ ਜਾਰੀ ਨਿਰਦੇਸ਼ ਵਿੱਚ ਐਕਸ 'ਤੇ ਲਿਖਿਆ, "ਤੁਹਾਡੀ ਸੁਰੱਖਿਆ ਸਾਡੇ ਲਈ ਸਭ ਤੋਂ ਵੱਧ ਮਹੱਤਵਪੂਰਨ ਹੈ। ਦਿੱਲੀ ਦੇ ਜੰਤਰ-ਮੰਤਰ 'ਤੇ ਹੋਣ ਵਾਲੀ ਕੋਈ ਵੀ ਗੈਰ-ਕਾਨੂੰਨੀ ਸਭਾ ਜਾਂ ਪ੍ਰਦਰਸ਼ਨ, ਜੋ ਭਾਰਤ ਦੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਸਖ਼ਤੀ ਨਾਲ ਨਿਯਮਤ ਕੀਤਾ ਜਾਂਦਾ ਹੈ, ਕਾਨੂੰਨੀ ਕਾਰਵਾਈ ਦਾ ਕਾਰਨ ਬਣ ਸਕਦਾ ਹੈ।"
ਯੂਨੀਵਰਸਿਟੀ ਨੇ ਅੱਗੇ ਕਿਹਾ, "ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਨਾਲ ਵਿਦਿਆਰਥੀਆਂ ਦੀ ਨਿੱਜੀ ਸੁਰੱਖਿਆ ਨੂੰ ਗੰਭੀਰ ਖ਼ਤਰਾ ਹੋ ਸਕਦਾ ਹੈ। ਇਸ ਨਾਲ ਉਨ੍ਹਾਂ ਦੀ ਪੜ੍ਹਾਈ ਅਤੇ ਭਵਿੱਖ ਦੇ ਪੇਸ਼ੇਵਰ ਮੌਕਿਆਂ 'ਤੇ ਵੀ ਨਕਾਰਾਤਮਕ ਅਸਰ ਪੈ ਸਕਦਾ ਹੈ।"
ਸੋਨਮ ਵਾਂਗਚੁਕ ਵੱਲੋਂ ਭੁੱਖ ਹੜਤਾਲ ਖਤਮ ਕਰਨ ਨੂੰ ਕਿਵੇਂ ਦੇਖਿਆ ਜਾ ਰਿਹਾ
ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਉੱਚ ਸਿੱਖਿਆ ਅਤੇ ਸਕੂਲੀ ਸਿੱਖਿਆ ਵਿਭਾਗਾਂ ਲਈ ਨਵੇਂ ਸਕੱਤਰਾਂ ਦੀ ਨਿਯੁਕਤੀ ਕੀਤੀ। ਹੁਣ ਤੱਕ ਦੋਵੇਂ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਵਿਨੀਤ ਜੋਸ਼ੀ ਦਾ ਕਥਿਤ ਤੌਰ 'ਤੇ ਘੱਟ ਮਹੱਤਵ ਵਾਲੇ ਪੰਚਾਇਤੀ ਰਾਜ ਮੰਤਰਾਲੇ ਵਿੱਚ ਤਬਾਦਲਾ ਕਰ ਦਿੱਤਾ ਗਿਆ ਹੈ।
ਪਸ਼ੂ ਪਾਲਣ ਵਿਭਾਗ ਦੇ ਸਕੱਤਰ ਨਰੇਸ਼ ਪਾਲ ਗੰਗਵਾਰ ਨੂੰ ਉੱਚ ਸਿੱਖਿਆ ਵਿਭਾਗ ਦਾ ਨਵਾਂ ਸਕੱਤਰ ਬਣਾਇਆ ਗਿਆ ਹੈ, ਜਦਕਿ ਟੀਕੇ ਅਨਿਲ ਕੁਮਾਰ ਸਕੂਲੀ ਸਿੱਖਿਆ ਵਿਭਾਗ ਦੇ ਨਵੇਂ ਸਕੱਤਰ ਹੋਣਗੇ।
ਇਨ੍ਹਾਂ ਤਬਦੀਲੀਆਂ ਨੂੰ ਸਿੱਖਿਆ ਮੰਤਰਾਲੇ ਦੀ ਨੌਕਰਸ਼ਾਹੀ ਵਿੱਚ ਵੱਡੇ ਫੇਰਬਦਲ ਵਜੋਂ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਭਿਸ਼ੇਕ ਸਿੰਘ ਨੂੰ ਅਨਿਸ਼ਨਲ ਟੈਸਟ ਏਜੰਸੀ (ਐਨਟੀਏ) ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਐਨਟੀਏ ਹੀ ਨੀਟ, ਸੀਯੂਈਟੀ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਕਰਵਾਉਂਦੀ ਹੈ।
ਜੂਨ ਮਹੀਨੇ ਦੀ ਸ਼ੁਰੂਆਤ ਵਿੱਚ ਸਕ੍ਰੀਨ 'ਤੇ ਮੁਲਾਂਕਣ (ਆਨ-ਸਕ੍ਰੀਨ ਮਾਰਕਿੰਗ) ਨੂੰ ਲੈਕੇ ਵਿਵਾਦ ਤੋਂ ਬਾਅਦ ਸੀਬੀਐਸਈ ਦੇ ਚੇਅਰਮੈਨ ਰਾਹੁਲ ਸਿੰਘ ਅਤੇ ਸਕੱਤਰ ਹਿਮਾਂਸ਼ੂ ਗੁਪਤਾ ਦਾ ਵੀ ਐਨਟੀਏ ਤੋਂ ਤਬਾਦਲਾ ਕਰ ਦਿੱਤਾ ਗਿਆ ਸੀ।
ਹਾਲਾਂਕਿ ਸਰਕਾਰ ਦੇ ਇਸ ਕਦਮ ਨੂੰ ਪੇਪਰ ਲੀਕ ਨੂੰ ਪ੍ਰਸ਼ਾਸਨਿਕ ਲਾਪਰਵਾਹੀ ਨਾਲ ਜੋੜਨ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਵਿਦਿਆਰਥੀਆਂ ਦਾ ਅੰਦੋਲਨ ਸਿਆਸੀ ਜਵਾਬਦੇਹੀ ਤੈਅ ਕਰਨ ਦੀ ਗੱਲ ਕਰ ਰਿਹਾ ਹੈ, ਪਰ ਸਰਕਾਰ ਨੇ ਪ੍ਰਸ਼ਾਸਨਿਕ ਪੱਧਰ 'ਤੇ ਫੇਰਬਦਲ ਕੀਤਾ ਹੈ।

ਤਸਵੀਰ ਸਰੋਤ, ANI
ਯੇਲ ਯੂਨੀਵਰਸਿਟੀ ਵਿੱਚ ਲੈਕਚਰਾਰ ਸੁਸ਼ਾਂਤ ਸਿੰਘ ਨੇ ਐਕਸ 'ਤੇ ਲਿਖਿਆ ਹੈ, ''ਕੁਝ ਅਖ਼ਬਾਰਾਂ ਵਿੱਚ ਇਹ ਨੈਰੇਟਿਵ ਘੜਿਆ ਜਾ ਸਕਦਾ ਹੈ ਕਿ ਮੋਦੀ ਸਰਕਾਰ ਨੇ ਪ੍ਰਸ਼ਾਸਨਿਕ ਪੱਧਰ 'ਤੇ ਕਾਰਵਾਈ ਕਰ ਦਿੱਤੀ ਹੈ। ਪਰ ਅਸਲ ਸਵਾਲ ਇਹ ਹੈ ਕਿ ਜੇ ਇੰਨੀਆਂ ਗੰਭੀਰ ਗੜਬੜੀਆਂ ਹੋਈਆਂ ਹਨ, ਤਾਂ ਪ੍ਰਧਾਨ ਮੰਤਰੀ ਮੋਦੀ ਨੇ ਧਰਮੇਂਦਰ ਪ੍ਰਧਾਨ ਨੂੰ ਅਹੁਦੇ ਤੋਂ ਕਿਉਂ ਨਹੀਂ ਹਟਾਇਆ? ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਅੰਦੋਲਨ ਨਾ ਤਾਂ ਸੀਜੇਪੀ ਦਾ ਹੈ ਅਤੇ ਨਾ ਹੀ ਸੋਨਮ ਵਾਂਗਚੁਕ ਦਾ, ਸਗੋਂ ਇਹ ਅੰਦੋਲਨ ਹੁਣ ਦੇਸ਼ ਦੇ ਨੌਜਵਾਨਾਂ ਦਾ ਹੋ ਗਿਆ ਹੈ।''
ਸੋਨਮ ਵਾਂਗਚੁਕ ਦੇ ਭੁੱਖ ਹੜਤਾਲ ਖ਼ਤਮ ਕਰਨ 'ਤੇ ਅਲਟ ਨਿਊਜ਼ ਦੇ ਸੰਸਥਾਪਕ ਸੰਪਾਦਕ ਪ੍ਰਤੀਕ ਸਿਨ੍ਹਾ ਨੇ ਐਕਸ 'ਤੇ ਲਿਖਿਆ ਹੈ, ''ਹੁਣ ਉਨ੍ਹਾਂ ਲਈ ਘਰ ਵਾਪਸ ਜਾਣ, ਚੰਗੀ ਤਰ੍ਹਾਂ ਖਾਣਾ ਖਾਣ ਅਤੇ ਪੂਰੀ ਤਰ੍ਹਾਂ ਸਿਹਤਮੰਦ ਹੋਣ ਦਾ ਸਮਾਂ ਹੈ। ਹੁਣ ਇੱਥੇ ਉਨ੍ਹਾਂ ਦੀ ਲੋੜ ਨਹੀਂ ਹੈ।''
ਯੂਨੀਵਰਸਿਟੀ ਆਫ਼ ਲੰਡਨ ਵਿੱਚ ਰੀਡਰ ਅਵਿਨਾਸ਼ ਪਾਲੀਵਾਲ ਨੇ ਐਕਸ 'ਤੇ ਲਿਖਿਆ ਹੈ, ''ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਇੱਕ ਇਤਿਹਾਸਕ ਮੋੜ ਹੈ ਅਤੇ ਇਸ ਦੇ ਪ੍ਰਭਾਵ ਭਾਰਤ ਦੀਆਂ ਸਰਹੱਦਾਂ ਤੋਂ ਬਾਹਰ ਵੀ ਮਹਿਸੂਸ ਕੀਤੇ ਜਾਣਗੇ। ਭਾਰਤ ਦੇ ਨੌਜਵਾਨ, ਖ਼ਾਸ ਕਰਕੇ ਜੈਨ-ਜ਼ੀ ਅਤੇ ਵਿਦਿਆਰਥੀ, ਹੁਣ ਇਹ ਤੈਅ ਕਰਨ ਲੱਗੇ ਹਨ ਕਿ 'ਨਵਾਂ ਭਾਰਤ' ਅਸਲ ਵਿੱਚ ਕਿਸ ਨੂੰ ਕਿਹਾ ਜਾਵੇਗਾ। ਉਹ ਸਿਰਫ਼ ਆਪਣੇ ਹਿੱਸੇ ਦਾ ਸਨਮਾਨ ਅਤੇ ਜਵਾਬਦੇਹੀ ਮੰਗ ਰਹੇ ਹਨ, ਜਿਸ ਦੇ ਉਹ ਹੱਕਦਾਰ ਹਨ।''
ਹੁਣ ਤੱਕ ਕੀ-ਕੀ ਹੋਇਆ?

ਤਸਵੀਰ ਸਰੋਤ, Getty Images
ਨੀਟ ਪੇਪਰ ਵਿੱਚ ਬੇਨਿਯਮੀਆਂ ਦੇ ਮਾਮਲੇ ਨੂੰ ਲੈਕੇ ਜੰਤਰ-ਮੰਤਰ ਉੱਤੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਅਜੇ ਵੀ ਜਾਰੀ ਹੈ।
ਪ੍ਰਦਰਸ਼ਨਕਾਰੀ ਨੀਟ-ਯੂਜੀ ਪੇਪਰ ਵਿੱਚ ਬੇਨਿਯਮੀਆਂ ਨੂੰ ਲੈਕੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।
6 ਜੂਨ ਨੂੰ ਅਭਿਜੀਤ ਦੀਪਕੇ ਦੇ ਭਾਰਤ ਵਾਪਸ ਆਉਣ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ ਨੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਤੇਜ਼ ਕਰ ਦਿੱਤਾ ਸੀ।
ਉਹ 20 ਜੂਨ ਤੋਂ ਜੰਤਰ-ਮੰਤਰ 'ਤੇ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠ ਗਏ।
28 ਜੂਨ ਨੂੰ ਇਸ ਧਰਨੇ ਵਿੱਚ ਸੋਨਮ ਵਾਂਗਚੁਕ ਨੇ ਵੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ। ਜਿਸ ਤੋਂ ਬਾਅਦ ਕੁਝ ਸਿਆਸੀ ਧਿਰਾਂ ਨੇ ਵੀ ਇਸ ਧਰਨੇ ਦੀ ਹਿਮਾਇਤ ਕੀਤੀ।
ਸੋਮਵਾਰ, 20 ਜੁਲਾਈ ਨੂੰ 'ਸੰਸਦ ਮਾਰਚ' ਦੌਰਾਨ ਸੀਜੇਪੀ ਸਮਰਥਕਾਂ ਨੂੰ ਪੁਲਿਸ ਲਾਠੀਚਾਰਜ ਅਤੇ ਹੰਝੂ ਗੈਸ ਦੇ ਗੋਲਿਆਂ ਦਾ ਸਾਹਮਣਾ ਕਰਨਾ ਪਿਆ।
ਉਧਰ 20 ਜੁਲਾਈ ਨੂੰ ਹੋਏ ਪ੍ਰਦਰਸ਼ਨ ਬਾਰੇ ਦਿੱਲੀ ਪੁਲਿਸ ਨੇ ਵੀ ਇੱਕ ਬਿਆਨ ਜਾਰੀ ਕੀਤਾ ਸੀ। ਦਿੱਲੀ ਪੁਲਿਸ ਨੇ ਕਿਹਾ ਸੀ, "ਹਿੰਸਕ ਪ੍ਰਦਰਸ਼ਨ ਦੌਰਾਨ ਡਿਊਟੀ 'ਤੇ ਤਾਇਨਾਤ ਦਿੱਲੀ ਪੁਲਿਸ ਦੇ ਸਪੈਸ਼ਲ ਕਮਿਸ਼ਨਰ, ਜੁਆਇੰਟ ਕਮਿਸ਼ਨਰ, ਅਡੀਸ਼ਨਲ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਰੈਂਕ ਦੇ ਅਧਿਕਾਰੀਆਂ ਸਮੇਤ ਦਿੱਲੀ ਪੁਲਿਸ ਅਤੇ ਕੇਂਦਰੀ ਪੁਲਿਸ ਬਲਾਂ ਦੇ 118 ਤੋਂ ਵੱਧ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ।"
21 ਜੁਲਾਈ ਨੂੰ ਰਾਹੁਲ ਗਾਂਧੀ ਸਣੇ ਹੋਰ ਕਾਂਗਰਸੀ ਆਗੂਆਂ ਨੇ ਪ੍ਰਧਾਨ ਮੰਤਰੀ ਰਿਹਾਇਸ਼ ਬਾਹਰ ਧਰਨਾ ਦਿੱਤਾ, ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਪਰ ਫਿਰ ਛੱਡ ਦਿੱਤਾ ਗਿਆ।
ਇਸ ਸਭ ਦੇ ਦੌਰਾਨ, ਭਾਜਪਾ ਦਾ ਕਹਿਣਾ ਹੈ ਕਿ ਉਹ ਨੀਟ ਪੇਪਰ ਲੀਕ ਮਾਮਲੇ 'ਤੇ ਸੰਸਦ ਵਿੱਚ ਚਰਚਾ 'ਤੇ ਤਿਆਰ ਹਨ। 22 ਜੁਲਾਈ ਨੂੰ ਬੀਜੇਪੀ ਆਗੂ ਜੇਪੀ ਨੱਡਾ ਨੇ ਸਿਆਸੀ ਧਿਰਾਂ ਉੱਤੇ ਵਿਦਿਆਰਥੀਆਂ ਦੇ ਮੁੱਦੇ ਉੱਤੇ ਸਿਆਸਤ ਕਰਨ ਦੇ ਇਲਜ਼ਾਮ ਲਾਏ।
23 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ਕਿ ਪੇਪਰ ਲੀਕ ਮਾਮਲਿਆਂ ਦਾ ਜਲਦੀ ਨਿਪਟਾਰਾ ਯਕੀਨੀ ਬਣਾਉਣ ਲਈ ਫਾਸਟ ਟ੍ਰੈਕ ਅਦਾਲਤਾਂ ਦਾ ਗਠਨ ਕੀਤਾ ਜਾਵੇਗਾ।
ਲੰਘੀ ਰਾਤ ਸੋਨਮ ਵਾਂਗਚੁਕ ਵੱਲੋਂਂ ਭੁੱਖ ਹੜਤਾਲ ਖ਼ਤਮ ਕੀਤੀ ਗਈ ਜਦੋਂਕਿ ਦਿੱਲੀ ਵਿੱਚ ਜੰਤਰ-ਮੰਤਰ ਉੱਤੇ ਧਰਨਾ ਜਾਰੀ ਹੈ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ




















