ਸੱਪ ਨੂੰ ਦੁੱਧ ਪਿਲਾਉਣਾ ਕਿਵੇਂ ਸੱਪ ਦੀ ਜਾਨ ਲਈ ਖ਼ਤਰਨਾਕ ਹੋ ਸਕਦਾ ਹੈ

ਤਸਵੀਰ ਸਰੋਤ, Nitin Kanotra/Hindustan Times via Getty Images
- ਲੇਖਕ, ਕੇ. ਸੁਭਾਗੁਨਮ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਭਾਰਤੀ ਸਮਾਜ ਵਿੱਚ ਨਾਗਾਂ (ਕੋਬਰਾ) ਨੂੰ ਮਹੱਤਵਪੂਰਨ ਧਾਰਮਿਕ ਸਥਾਨ ਹਾਸਲ ਹੈ। ਸਮੇਂ-ਸਮੇਂ 'ਤੇ ਅਜਿਹੀਆਂ ਖ਼ਬਰਾਂ ਅਤੇ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾਂਦਾ ਹੈ ਕਿ ਕੋਬਰਾ ਦੁੱਧ ਪੀਂਦੇ ਹਨ।
ਇੰਸਟਾਗ੍ਰਾਮ 'ਤੇ ਕਈ ਰੀਲਾਂ ਵਿੱਚ ਲੋਕਾਂ ਨੂੰ ਨਾਗਾਂ ਨਾਲ ਜੁੜੇ ਪੂਜਾ ਸਥਾਨਾਂ 'ਤੇ ਦੁੱਧ ਚੜ੍ਹਾਉਂਦੇ ਅਤੇ ਸੱਪਾਂ ਨੂੰ ਦੁੱਧ ਪੀਂਦੇ ਹੋਏ ਦਿਖਾਇਆ ਜਾਂਦਾ ਹੈ। ਪਰ ਮਾਹਰਾਂ ਦਾ ਕਹਿਣਾ ਹੈ ਕਿ ਇਹ ਰਵਾਇਤ ਸੱਪਾਂ ਲਈ ਗੰਭੀਰ ਨੁਕਸਾਨਦਾਇਕ ਹੋ ਸਕਦੀ ਹੈ।
ਭਾਰਤ ਵਿੱਚ, ਵਾਈਲਡਲਾਈਫ ਐੱਸਓਐੱਸ (Wildlife SOS) ਨਾਮ ਦੀ ਜੰਗਲੀ ਜੀਵ ਸੰਭਾਲ ਸੰਸਥਾ, ਜੋ ਤਮਿਲਨਾਡੂ ਸੂਬੇ ਦੇ ਜੰਗਲਾਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਦੀ ਹੈ, ਨੇ ਦੱਸਿਆ ਹੈ ਕਿ ਸੱਪ ਫੜਨ ਵਾਲਿਆਂ ਨੇ ਕਈ ਵਾਰ ਅਜਿਹੇ ਸੱਪਾਂ ਨੂੰ ਬਚਾਇਆ ਹੈ ਜੋ ਲੰਬੇ ਸਮੇਂ ਤੋਂ ਭੁੱਖੇ ਅਤੇ ਡੀਹਾਈਡ੍ਰੇਟਡ (ਸਰੀਰ ਵਿੱਚ ਪਾਣੀ ਦੀ ਕਮੀ) ਸਨ।
ਸਾਲ 2018 ਵਿੱਚ, ਇਸ ਸੰਸਥਾ ਨੇ ਉੱਤਰ ਪ੍ਰਦੇਸ਼ ਜੰਗਲਾਤ ਵਿਭਾਗ ਨਾਲ ਮਿਲ ਕੇ 74 ਸੱਪਾਂ ਨੂੰ ਬਚਾਇਆ ਸੀ, ਜਿਨ੍ਹਾਂ ਵਿੱਚ 57 ਕੋਬਰਾ ਸ਼ਾਮਲ ਸਨ।
ਸੰਸਥਾ ਦੇ ਅਨੁਸਾਰ, ਜੋ ਸੱਪ ਅਜਿਹੀਆਂ ਥਾਵਾਂ 'ਤੇ ਭੁੱਖੇ ਰਹਿੰਦੇ ਹਨ ਜਿੱਥੇ ਉਨ੍ਹਾਂ ਨੂੰ ਖਾਣ-ਪੀਣ ਲਈ ਕੁਝ ਨਹੀਂ ਮਿਲਦਾ, ਉਹ "ਡੀਹਾਈਡ੍ਰੇਸ਼ਨ ਤੋਂ ਰਾਹਤ ਪਾਉਣ ਦੇ ਆਖ਼ਰੀ ਉਪਾਅ" ਵਜੋਂ ਦੁੱਧ ਜਾਂ ਕੋਈ ਹੋਰ ਉਪਲੱਬਧ ਤਰਲ ਪਦਾਰਥ ਪੀ ਸਕਦੇ ਹਨ।
ਇਸ ਲਈ, ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਜੇ ਕੋਈ ਸੱਪ ਦੁੱਧ ਪੀਂਦਾ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਕੁਦਰਤੀ ਤੌਰ 'ਤੇ ਦੁੱਧ ਪੀਣਾ ਚਾਹੁੰਦਾ ਹੈ, ਸਗੋਂ ਇਹ ਬਹੁਤ ਜ਼ਿਆਦਾ ਪਿਆਸ ਦੀ ਸਥਿਤੀ ਕਾਰਨ ਹੋ ਸਕਦਾ ਹੈ।
ਇਸ ਤਰ੍ਹਾਂ, ਸੱਪਾਂ ਨੂੰ ਜ਼ਬਰਦਸਤੀ ਦੁੱਧ ਪਿਲਾਇਆ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸੱਪ ਨੂੰ ਦੁੱਧ ਪਿਲਾਉਣ ਦੀ ਰਿਵਾਇਤ

ਤਸਵੀਰ ਸਰੋਤ, Vishal Bhatnagar/NurPhoto via Getty Images
ਹਿੰਦੂ ਧਰਮ ਵਿੱਚ, ਨਾਗ ਪੰਚਮੀ ਦੌਰਾਨ ਦੁੱਧ ਚੜ੍ਹਾਇਆ ਜਾਂਦਾ ਹੈ। ਇਸ ਦਾ ਇੱਕ ਕਾਰਨ ਇਹ ਹੈ ਕਿ ਸੱਪਾਂ ਨੂੰ ਸ਼ਿਵ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ।
ਮਦੁਰਾਈ ਦੇ ਸੱਪ ਬਚਾਅ ਮਾਹਰ ਸੈਮਸਨ ਕਿਰੂਬਾਕਰਨ ਦਾ ਕਹਿਣਾ ਹੈ ਕਿ ਇਸ ਮਾਨਤਾ ਦਾ ਫ਼ਾਇਦਾ ਚੁੱਕਦੇ ਹੋਏ ਸਪੇਰੇ ਫੜੇ ਗਏ ਜੋ ਕੈਦ ਕਰਕੇ ਰੱਖੇ ਗਏ ਸੱਪਾਂ ਨੂੰ ਲੋਕਾਂ ਸਾਹਮਣੇ ਦਿਖਾਉਂਦੇ ਹਨ ਅਤੇ ਉਨ੍ਹਾਂ ਨੂੰ ਦੁੱਧ ਪੀਂਦੇ ਹੋਏ ਦਿਖਾ ਕੇ ਇਸ ਨੂੰ ਚਮਤਕਾਰ ਦੱਸਦੇ ਹਨ।
ਮਦੁਰਾਈ ਦੇ ਸੱਪ ਬਚਾਅ ਮਾ ਸੈਮਸਨ ਕਿਰੂਬਾਕਰਨ ਦਾ ਕਹਿਣਾ ਹੈ ਕਿ ਰਵਾਇਤੀ ਤੌਰ 'ਤੇ ਸੱਪ ਫੜਨ ਦਾ ਕੰਮ ਕਰਨ ਵਾਲੇ ਕੁਝ ਲੋਕਾਂ ਨੇ ਇਸ ਵਿਸ਼ਵਾਸ ਦਾ ਫਾਇਦਾ ਚੁੱਕਿਆ। ਉਹ ਫੜੇ ਹੋਏ ਸੱਪਾਂ ਨੂੰ ਕੈਦ ਵਿੱਚ ਰੱਖਦੇ ਅਤੇ ਉਨ੍ਹਾਂ ਨੂੰ ਦੁੱਧ ਪੀਂਦੇ ਦਿਖਾ ਕੇ ਇਸ ਨੂੰ ਚਮਤਕਾਰ ਵਜੋਂ ਪੇਸ਼ ਕਰਦੇ ਸਨ।
ਹਾਲਾਂਕਿ, ਸੱਪਾਂ ਅਤੇ ਦੁੱਧ ਵਿਚਕਾਰ ਇਹ ਵਿਸ਼ਵਾਸ ਸਿਰਫ਼ ਭਾਰਤ ਤੱਕ ਸੀਮਿਤ ਨਹੀਂ ਹੈ।
ਲੋਕ-ਕਥਾਵਾਂ ਦੇ ਖੋਜਕਾਰ ਡੇਵਿਡ ਅਰਮਾਕੋਰਾ ਨੇ ਜੂਨ 2017 ਵਿੱਚ ਜਰਨਲ ਐਂਥਰੋਪੋਜ਼ੂਲੌਜੀ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਦੱਸਿਆ ਕਿ ਯੂਰੇਸ਼ੀਆ ਦੇ ਕਈ ਹਿੱਸਿਆਂ ਵਿੱਚ ਇਹ ਕਹਾਣੀਆਂ ਮਿਲਦੀਆਂ ਹਨ ਕਿ ਸੱਪ ਜਾਂ ਹੋਰ ਰੇਂਗਣ ਵਾਲੇ ਜੀਵ ਦੁੱਧ ਪਿਲਾਉਣ ਵਾਲੀਆਂ ਮਾਵਾਂ ਦਾ ਦੁੱਧ ਚੋਰੀ ਕਰ ਲੈਂਦੇ ਹਨ।
ਪਰ ਉਨ੍ਹਾਂ ਨੇ ਇਹ ਵੀ ਲਿਖਿਆ ਕਿ ਸੱਪਾਂ ਦਾ ਦੁੱਧ ਨਾਲ ਕੋਈ ਖ਼ਾਸ ਲਗਾਅ ਹੋਣ ਦਾ ਦਾਅਵਾ "ਜੈਵਿਕ ਪੱਖੋਂ ਬਹੁਤ ਅਸੰਭਵ" ਹੈ।
ਅਮਰੀਕਾ ਵਿੱਚ ਮਿਲਣ ਵਾਲੇ ਬੇਜ਼ਹਿਰੀਲੇ ਮਿਲਕ ਸਨੇਕ ਦਾ ਨਾਮ ਵੀ ਅਜਿਹੀ ਹੀ ਲੋਕ-ਧਾਰਨਾ ਤੋਂ ਪਿਆ। ਸਮਿਥਸੋਨੀਆਨ ਨੈਸ਼ਨਲ ਜ਼ੂ ਐਂਡ ਕੰਜ਼ਰਵੇਸ਼ਨ ਬਾਇਓਲੋਜੀ ਇੰਸਟੀਚਿਊਟ ਮੁਤਾਬਕ ਲੋਕ ਸਮਝਦੇ ਸਨ ਕਿ ਇਹ ਸੱਪ ਗਾਂਵਾਂ ਦਾ ਦੁੱਧ ਚੂਸਣ ਲਈ ਤਬੇਲਿਆਂ ਵਿੱਚ ਜਾਂਦੇ ਹਨ।
ਅਸਲ ਵਿੱਚ ਮਿਲਕ ਸਨੇਕ ਵੀ ਹੋਰ ਸੱਪਾਂ ਵਾਂਗ ਮਾਸਾਹਾਰੀ ਹੁੰਦੇ ਹਨ। ਉਹ ਤਬੇਲਿਆਂ ਵਿੱਚ ਇਸ ਲਈ ਜਾਂਦੇ ਹਨ ਕਿਉਂਕਿ ਉੱਥੇ ਚੂਹੇ ਅਤੇ ਹੋਰ ਸ਼ਿਕਾਰ ਆਸਾਨੀ ਨਾਲ ਮਿਲ ਜਾਂਦੇ ਹਨ।

ਤਾਂ ਸੱਪ ਅਸਲ ਵਿੱਚ ਕੀ ਖਾਂਦੇ ਹਨ?
ਸੱਪ ਸ਼ਿਕਾਰੀ ਜੀਵ ਹਨ। ਉਨ੍ਹਾਂ ਦੀ ਕੁਦਰਤੀ ਖੁਰਾਕ ਵਿੱਚ ਚੂਹੇ, ਪੰਛੀ, ਅੰਡੇ, ਡੱਡੂ, ਮੱਛੀਆਂ, ਕਿਰਲੀਆਂ ਅਤੇ ਕਈ ਵਾਰ ਹੋਰ ਸੱਪ ਵੀ ਸ਼ਾਮਲ ਹੁੰਦੇ ਹਨ।
ਉਨ੍ਹਾਂ ਦੇ ਜਬੜੇ, ਪੇਟ ਅਤੇ ਆਂਦਰਾਂ ਇਸ ਤਰ੍ਹਾਂ ਵਿਕਸਿਤ ਹੋਏ ਹੁੰਦੇ ਹਨ ਕਿ ਉਹ ਸ਼ਿਕਾਰ ਨੂੰ ਪੂਰਾ ਦਾ ਪੂਰਾ ਨਿਗਲ ਸਕਣ ਅਤੇ ਉਸ ਨੂੰ ਹਜ਼ਮ ਕਰ ਸਕਣ। ਉਨ੍ਹਾਂ ਦਾ ਸਰੀਰ ਕੁਦਰਤੀ ਤੌਰ 'ਤੇ ਦੁੱਧ ਜਾਂ ਹੋਰ ਡੇਅਰੀ ਉਤਪਾਦਾਂ ਨੂੰ ਹਜ਼ਮ ਕਰਨ ਲਈ ਨਹੀਂ ਬਣਿਆ।
ਅਗਸਤ 2017 ਵਿੱਚ ਜਰਨਲ ਗੀਗਾ ਸਾਇੰਸ (GigaScience) ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਖੋਜਕਾਰ ਜੁਨਚੇਂਗ ਦੁਆਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਅਜਗਰਾਂ ਦੇ ਸਰੀਰ ਵਿੱਚ ਸ਼ਿਕਾਰ ਨਿਗਲਣ ਤੋਂ ਬਾਅਦ ਹੋਣ ਵਾਲੇ ਬਦਲਾਵਾਂ ਦਾ ਅਧਿਐਨ ਕੀਤਾ।
ਉਨ੍ਹਾਂ ਨੇ ਪਾਇਆ ਕਿ ਭੋਜਨ ਕਰਨ ਤੋਂ ਬਾਅਦ ਪੇਟ ਵਿੱਚ ਤੇਜ਼ਾਬ ਦਾ ਉਤਪਾਦਨ ਵਧ ਜਾਂਦਾ ਹੈ ਅਤੇ ਪ੍ਰੋਟੀਨ ਹਜ਼ਮ ਕਰਨ ਵਾਲਾ ਐਂਜ਼ਾਈਮ ਪੈਪਸਿਨ ਜ਼ਿਆਦਾ ਸਰਗਰਮ ਹੋ ਜਾਂਦਾ ਹੈ, ਜਿਸ ਨਾਲ ਪੋਸ਼ਕ ਤੱਤਾਂ ਦਾ ਸੋਖਣਾ ਤੇਜ਼ ਹੁੰਦਾ ਹੈ।
ਅਧਿਐਨ ਵਿੱਚ ਕਿਹਾ ਗਿਆ ਕਿ ਭੋਜਨ ਤੋਂ ਬਾਅਦ ਪੈਪਸਿਨੋਜਨ ਨਾਲ ਸਬੰਧਤ ਕਈ ਜੀਨ ਜ਼ਿਆਦਾ ਸਰਗਰਮ ਹੋ ਜਾਂਦੇ ਹਨ। ਇਹ ਦਰਸਾਉਂਦਾ ਹੈ ਕਿ ਸੱਪਾਂ ਦੀ ਪਾਚਣ ਪ੍ਰਣਾਲੀ ਵੱਡੇ ਅਤੇ ਪ੍ਰੋਟੀਨ-ਭਰਪੂਰ ਸ਼ਿਕਾਰ ਨੂੰ ਹਜ਼ਮ ਕਰਨ ਲਈ ਖ਼ਾਸ ਤੌਰ 'ਤੇ ਵਿਕਸਿਤ ਹੋਈ ਹੈ।
ਯੂਨੀਵਰਸਲ ਸਨੇਕਬਾਈਟ ਰਿਸਰਚ ਆਰਗੇਨਾਈਜ਼ੇਸ਼ਨ ਦੇ ਸੰਸਥਾਪਕ ਅਤੇ ਮੁੱਖ ਵਿਗਿਆਨੀ ਡਾ. ਐੱਨਐੱਸ ਮਨੋਜ ਦਾ ਕਹਿਣਾ ਹੈ ਕਿ ਦੁੱਧ ਸੱਪਾਂ ਦੀ ਕੁਦਰਤੀ ਖੁਰਾਕ ਅਤੇ ਪਾਣੀ ਦੀ ਲੋੜ ਤੋਂ ਬਿਲਕੁਲ ਵੱਖਰੀ ਚੀਜ਼ ਹੈ।
ਉਨ੍ਹਾਂ ਕਿਹਾ, "ਦੁੱਧ ਇੱਕ ਅਜਿਹਾ ਪਦਾਰਥ ਹੈ ਜੋ ਥਣਧਾਰੀ ਜੀਵਾਂ ਵੱਲੋਂ ਪੈਦਾ ਕੀਤਾ ਜਾਂਦਾ ਹੈ। ਇਸ ਵਿੱਚ ਪਾਣੀ, ਲੈਕਟੋਜ਼, ਪ੍ਰੋਟੀਨ, ਚਰਬੀ ਅਤੇ ਖਣਿਜ ਹੁੰਦੇ ਹਨ। ਇਹ ਸਿਰਫ਼ ਚਿੱਟੇ ਰੰਗ ਦਾ ਪਾਣੀ ਨਹੀਂ ਹੈ। ਭਾਵੇਂ ਕੋਈ ਸੱਪ ਡੀਹਾਈਡ੍ਰੇਸ਼ਨ (ਸਰੀਰ ਵਿੱਚ ਪਾਣੀ ਦੀ ਘਾਟ) ਦਾ ਸ਼ਿਕਾਰ ਹੋਵੇ, ਫਿਰ ਵੀ ਦੁੱਧ ਪੀਣਾ ਨਾ ਤਾਂ ਡੀਹਾਈਡ੍ਰੇਸ਼ਨ ਦੂਰ ਕਰਨ ਲਈ ਢੁਕਵਾਂ ਤਰਲ ਹੈ ਅਤੇ ਨਾ ਹੀ ਇਹ ਕੁਦਰਤੀ ਪੋਸ਼ਣ ਦਾ ਸਰੋਤ ਹੈ।"
ਸੱਪਾਂ ਨੂੰ ਜ਼ਬਰਦਸਤੀ ਦੁੱਧ ਪਿਲਾਉਣ ਨਾਲ ਕੀ ਖ਼ਤਰਾ ਹੈ?

ਤਸਵੀਰ ਸਰੋਤ, SHAMMI MEHRA/AFP via Getty Images
ਮਾਹਰਾਂ ਦੇ ਅਨੁਸਾਰ, ਇਸ ਦਾ ਇੱਕ ਸਭ ਤੋਂ ਵੱਡਾ ਖ਼ਤਰਾ ਸੱਪ ਦੀ ਸਾਹ ਪ੍ਰਣਾਲੀ ਨੂੰ ਨੁਕਸਾਨ ਪਹੁੰਚਣਾ ਹੈ।
'ਮਰਕ ਵੈਟਰਨਰੀ ਮੈਨੁਅਲ' ਵਿੱਚ ਰੇਂਗਣ ਵਾਲੇ ਜੀਵਾਂ (ਰੇਪਟਾਈਲਜ਼) ਸਬੰਧੀ ਦਿੱਤੀ ਗਈ ਕਲੀਨਿਕਲ ਗਾਈਡਲਾਈਨ, ਜੋ ਪਸ਼ੂ ਡਾਕਟਰਾਂ ਦੀ ਮਦਦ ਲਈ ਤਿਆਰ ਕੀਤੀ ਗਈ ਹੈ, ਚੇਤਾਵਨੀ ਦਿੰਦੀ ਹੈ ਕਿ ਮੂੰਹ ਰਾਹੀਂ ਤਰਲ ਪਦਾਰਥ ਦੇਣਾ, ਖ਼ਾਸ ਕਰਕੇ ਜਦੋਂ ਕੋਈ ਰੇਂਗਣ ਵਾਲਾ ਜੀਵ ਕਮਜ਼ੋਰ ਹੋਵੇ, ਤਾਂ ਸਾਹ ਦੀ ਨਲੀ ਵਿੱਚ ਰੁਕਾਵਟ, ਉਲਟੀ ਜਾਂ ਭੋਜਨ/ਤਰਲ ਦੇ ਵਾਪਸ ਮੂੰਹ ਵਿੱਚ ਆਉਣ (ਰਿਗਰਜੀਟੇਸ਼ਨ) ਵਰਗੇ ਖ਼ਤਰੇ ਪੈਦਾ ਕਰ ਸਕਦਾ ਹੈ।
ਇਸ ਗਾਈਡਲਾਈਨ ਮੁਤਾਬਕ, ਜ਼ਬਰਦਸਤੀ ਸੱਪ ਦੇ ਮੂੰਹ ਵਿੱਚ ਪਾਇਆ ਗਿਆ ਤਰਲ ਉਸ ਦੀ ਸਾਹ ਦੀ ਨਲੀ ਵਿੱਚ ਦਾਖ਼ਲ ਹੋ ਸਕਦਾ ਹੈ। ਇਸ ਨਾਲ ਸਾਹ ਲੈਣ ਵਿੱਚ ਰੁਕਾਵਟ ਪੈ ਸਕਦੀ ਹੈ ਅਤੇ ਸਾਹ ਪ੍ਰਣਾਲੀ ਵਿੱਚ ਸੋਜ ਜਾਂ ਇਨਫੈਕਸ਼ਨ ਵੀ ਹੋ ਸਕਦੀ ਹੈ।
ਮੈਨੁਅਲ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇ ਕੋਈ ਰੇਂਗਣ ਵਾਲਾ ਜੀਵ ਮਾੜੀਆਂ ਹਾਲਤਾਂ ਕਾਰਨ ਤਣਾਅ ਵਿੱਚ ਹੋਵੇ, ਉਸ ਨਾਲ ਰੁੱਖਾ ਵਿਹਾਰ ਕੀਤਾ ਗਿਆ ਹੋਵੇ, ਉਸ ਨੂੰ ਅਣਉਚਿਤ ਤਾਪਮਾਨ ਵਿੱਚ ਰੱਖਿਆ ਗਿਆ ਹੋਵੇ ਜਾਂ ਉਹ ਪਹਿਲਾਂ ਹੀ ਬਿਮਾਰ ਅਤੇ ਕਮਜ਼ੋਰ ਹੋਵੇ, ਤਾਂ ਉਸ ਨੂੰ ਗੰਭੀਰ ਰਿਗਰਜੀਟੇਸ਼ਨ (ਚੀਜ਼ਾਂ ਉਗਲ ਸਕਦਾ ਹੈ) ਹੋ ਸਕਦੀ ਹੈ। ਅਜਿਹੀ ਰਿਗਰਜੀਟੇਸ਼ਨ ਡੀਹਾਈਡ੍ਰੇਸ਼ਨ ਨੂੰ ਹੋਰ ਗੰਭੀਰ ਬਣਾ ਸਕਦੀ ਹੈ ਅਤੇ ਤਰਲ ਦੇ ਫੇਫੜਿਆਂ ਵਿੱਚ ਦਾਖ਼ਲ ਹੋਣ ਦਾ ਇੱਕ ਹੋਰ ਮੌਕਾ ਪੈਦਾ ਕਰ ਸਕਦੀ ਹੈ।
ਡਾ. ਮਨੋਜ ਨੇ ਸਮਝਾਇਆ ਕਿ ਇਹ ਕਿਵੇਂ ਹੋ ਸਕਦਾ ਹੈ।
ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ, "ਦੁੱਧ ਅਕਸਰ ਉਸ ਵੇਲੇ ਪਿਲਾਇਆ ਜਾਂਦਾ ਹੈ ਜਦੋਂ ਸੱਪ ਪਹਿਲਾਂ ਹੀ ਬਹੁਤ ਜ਼ਿਆਦਾ ਤਣਾਅ ਦਾ ਸ਼ਿਕਾਰ ਹੁੰਦਾ ਹੈ ਅਤੇ ਸਰੀਰਕ ਤੌਰ 'ਤੇ ਬਹੁਤ ਕਮਜ਼ੋਰ ਹੁੰਦਾ ਹੈ। ਡੀਹਾਈਡ੍ਰੇਸ਼ਨ ਕਾਰਨ ਉਹ ਆਪਣੇ ਸਾਹਮਣੇ ਰੱਖੇ ਕਿਸੇ ਵੀ ਤਰਲ ਨੂੰ ਤੇਜ਼ੀ ਨਾਲ ਪੀ ਸਕਦਾ ਹੈ। ਭੋਜਨ ਨਲੀ ਵਿੱਚ ਜਾਣ ਦੀ ਬਜਾਏ ਉਹ ਤਰਲ ਸਾਹ ਦੀ ਨਲੀ ਵਿੱਚ ਜਾ ਸਕਦਾ ਹੈ। ਇਸ ਨਾਲ ਸਾਹ ਲੈਣ ਵਿੱਚ ਰੁਕਾਵਟ ਪੈ ਸਕਦੀ ਹੈ ਅਤੇ ਸੱਪ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।"
ਉਨ੍ਹਾਂ ਅੱਗੇ ਕਿਹਾ, "ਜਦੋਂ ਸੱਪ ਆਪਣਾ ਮੂੰਹ ਖੋਲ੍ਹਦੇ ਹਨ, ਤਾਂ ਮੂੰਹ ਦੇ ਹੇਠਲੇ ਹਿੱਸੇ ਵਿੱਚ ਇੱਕ ਛੋਟਾ ਜਿਹਾ ਛੇਕ ਦਿਖਾਈ ਦਿੰਦਾ ਹੈ। ਇਹ ਛੇਕ ਸਾਹ ਦੀ ਨਲੀ (ਟ੍ਰੇਕੀਆ) ਨਾਲ ਜੁੜਿਆ ਹੁੰਦਾ ਹੈ ਅਤੇ ਸੱਪ ਨੂੰ ਸਾਹ ਲੈਣ ਵਿੱਚ ਮਦਦ ਕਰਦਾ ਹੈ। ਜਦੋਂ ਸੱਪ ਨੂੰ ਜ਼ਬਰਦਸਤੀ ਦੁੱਧ ਪਿਲਾਇਆ ਜਾਂਦਾ ਹੈ, ਤਾਂ ਦੁੱਧ ਇਸ ਛੇਕ ਵਿੱਚ ਦਾਖ਼ਲ ਹੋ ਸਕਦਾ ਹੈ ਅਤੇ ਉਸ ਦੀ ਸਾਹ ਲੈਣ ਦੀ ਪ੍ਰਕਿਰਿਆ ਵਿੱਚ ਰੁਕਾਵਟ ਪਾ ਸਕਦਾ ਹੈ।"

ਸੈਮਸਨ ਕਿਰੂਬਾਕਰਨ ਨੇ ਕਿਹਾ ਕਿ ਸੱਪ ਡੇਅਰੀ ਉਤਪਾਦਾਂ ਨੂੰ ਵੀ ਠੀਕ ਤਰ੍ਹਾਂ ਹਜ਼ਮ ਨਹੀਂ ਕਰ ਸਕਦੇ।
ਉਨ੍ਹਾਂ ਕਿਹਾ, "ਸੱਪਾਂ ਵਿੱਚ ਲੈਕਟੋਜ਼ ਵਾਲੇ ਭੋਜਨ ਨੂੰ ਹਜ਼ਮ ਕਰਨ ਲਈ ਲੋੜੀਂਦਾ ਲੈਕਟੇਜ਼ ਐਂਜ਼ਾਈਮ ਨਹੀਂ ਹੁੰਦਾ। ਇਸ ਲਈ ਉਹ ਡੇਅਰੀ ਉਤਪਾਦਾਂ ਨੂੰ ਹਜ਼ਮ ਨਹੀਂ ਕਰ ਸਕਦੇ ਅਤੇ ਉਨ੍ਹਾਂ ਦਾ ਸੇਵਨ ਕਰਨ ਨਾਲ ਪੇਟ ਅਤੇ ਆਂਦਰਾਂ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।"
ਵਾਈਲਡਲਾਈਫ਼ ਐਸਓਐਸ ਦਾ ਵੀ ਕਹਿਣਾ ਹੈ ਕਿ ਜਿਨ੍ਹਾਂ ਸੱਪਾਂ ਨੂੰ ਉਨ੍ਹਾਂ ਦੀ ਕੁਦਰਤੀ ਖੁਰਾਕ ਦਾ ਹਿੱਸਾ ਨਾ ਹੋਣ ਦੇ ਬਾਵਜੂਦ ਜ਼ਬਰਦਸਤੀ ਦੁੱਧ ਪਿਲਾਇਆ ਜਾਂਦਾ ਹੈ, ਉਹ ਅਕਸਰ ਡੀਹਾਈਡ੍ਰੇਸ਼ਨ, ਭੁੱਖਮਰੀ ਅਤੇ ਬਿਮਾਰੀ ਦੀ ਹਾਲਤ ਵਿੱਚ ਬਚਾਏ ਜਾਂਦੇ ਹਨ।
ਡਾ. ਮਨੋਜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੱਪ ਦੇ ਦੁੱਧ ਪੀਣ ਨੂੰ ਨਾ ਤਾਂ ਚਮਤਕਾਰ ਸਮਝਿਆ ਜਾਵੇ ਅਤੇ ਨਾ ਹੀ ਇਸ ਦਾ ਪ੍ਰਚਾਰ ਕੀਤਾ ਜਾਵੇ।
ਉਨ੍ਹਾਂ ਕਿਹਾ, "ਇਹ ਕਿਰਿਆ ਜਾਣਬੁੱਝ ਕੇ ਪੈਦਾ ਕੀਤੀ ਗਈ ਪਿਆਸ, ਕਮਜ਼ੋਰੀ ਅਤੇ ਪੀੜਾ ਦਾ ਨਤੀਜਾ ਹੁੰਦੀ ਹੈ। ਇਸ ਤਰ੍ਹਾਂ ਦੀਆਂ ਰਵਾਇਤਾਂ, ਖ਼ਾਸ ਕਰਕੇ ਨਾਗ ਪੰਚਮੀ ਵਰਗੇ ਮੌਕਿਆਂ 'ਤੇ, ਸੱਪਾਂ ਲਈ ਗੰਭੀਰ ਖ਼ਤਰਾ ਪੈਦਾ ਕਰਦੀਆਂ ਹਨ।"
ਸੈਮਸਨ ਨੇ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਲਗਾਤਾਰ ਕੀਤੀ ਗਈ ਕਾਰਵਾਈ ਤੋਂ ਬਾਅਦ ਦੱਖਣੀ ਭਾਰਤ, ਖ਼ਾਸ ਕਰਕੇ ਤਮਿਲਨਾਡੂ ਵਿੱਚ, ਇਸ ਰਵਾਇਤ 'ਤੇ ਕੁਝ ਹੱਦ ਤੱਕ ਕਾਬੂ ਪਾਇਆ ਗਿਆ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਨਾਗ ਪੰਚਮੀ ਵਰਗੇ ਮੌਕਿਆਂ 'ਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਇਹ ਅਜੇ ਵੀ ਵਿਆਪਕ ਤੌਰ 'ਤੇ ਅਪਣਾਈ ਜਾਂਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਵਾਈਲਡਲਾਈਫ ਟਰੱਸਟ ਆਫ਼ ਇੰਡੀਆ ਵਰਗੀਆਂ ਸੰਸਥਾਵਾਂ ਨੇ ਸੱਪਾਂ ਨੂੰ ਦੁੱਧ ਪਿਲਾਉਣ ਦੀ ਇਸ ਰਵਾਇਤ ਨੂੰ ਸ਼ੋਸ਼ਣ ਦਾ ਇੱਕ ਅਜਿਹਾ ਰੂਪ ਦੱਸਿਆ ਹੈ ਜੋ ਲੋਕਾਂ ਵਿਚਾਲੇ ਮਿੱਥਾਂ ਅਤੇ ਅੰਧਵਿਸ਼ਵਾਸਾਂ ਦਾ ਫ਼ਾਇਦਾ ਚੁੱਕਦਾ ਹੈ।
ਸੈਮਸਨ ਨੇ ਕਿਹਾ, "ਡੀਹਾਈਡ੍ਰੇਸ਼ਨ ਦਾ ਸ਼ਿਕਾਰ ਸੱਪ ਨੂੰ ਦੁੱਧ ਦੇ ਕਟੋਰੇ ਦੀ ਲੋੜ ਨਹੀਂ ਹੁੰਦੀ। ਉਸ ਨੂੰ ਇੱਕ ਅਧਿਕਾਰਤ ਜੰਗਲੀ ਜੀਵ ਬਚਾਅ ਕਰਮੀ ਦੀ ਮਦਦ, ਡਾਕਟਰੀ ਜਾਂਚ ਅਤੇ ਡੀਹਾਈਡ੍ਰੇਸ਼ਨ ਨੂੰ ਠੀਕ ਕਰਨ ਲਈ ਢੁਕਵੇਂ ਇਲਾਜ ਦੀ ਲੋੜ ਹੁੰਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ




















