ਉਹ ਬਦਨਾਮ ਜੇਲ੍ਹ ਜਿੱਥੇ ਕੈਦੀ ਬਣੇ ਕਲਾਕਾਰ, ਜੇਲ੍ਹ ਦੇ ਅੰਦਰੋਂ ਚੱਲਣ ਵਾਲੇ ਮਿਊਜ਼ਿਕ ਸਟੂਡੀਓ ਅਤੇ ਲੇਬਲ ਦੀ ਕੀ ਹੈ ਕਹਾਣੀ

    • ਲੇਖਕ, ਵੇਦਾਏਲੀ ਚਿਬੇਲੁਸ਼ੀ
    • ਲੇਖਕ, ਅਤੇ ਟੌਮ ਬਰੂਕ
    • ਰੋਲ, ਟਾਕਿੰਗ ਮੂਵੀਜ਼
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਨਿਊ ਬੈੱਲ - ਕੈਮਰੂਨ ਦੇ ਡੁਆਲਾ ਸ਼ਹਿਰ ਦੀ ਇੱਕ ਬਦਨਾਮ ਜੇਲ੍ਹ ਹੈ ਜੋ ਆਪਣੇ ਆਪ ਵਿੱਚ ਇੱਕ ਸ਼ਹਿਰ ਵਰਗੀ ਹੈ।

ਇਸ ਜੇਲ੍ਹ ਵਿੱਚ ਆਪਣੀਆਂ "ਟੈਕਸੀਆਂ" ਹਨ (ਅਜਿਹੇ ਕੈਦੀ ਜੋ ਭੀੜ-ਭੜੱਕੇ ਵਾਲੇ ਵਿਹੜੇ ਵਿੱਚ ਤੇਜ਼ੀ ਨਾਲ ਇੱਧਰ-ਉੱਧਰ ਜਾਂਦੇ ਹੋਏ ਸੁਨੇਹੇ ਪਹੁੰਚਾਉਂਦੇ ਹਨ), ਆਪਣੀ ਸੁਰੱਖਿਆ ਵਿਵਸਥਾ ਹੈ (ਮਜ਼ਬੂਤ ਸਰੀਰ ਵਾਲੇ ਅਜਿਹੇ ਕੈਦੀ ਜੋ ਗਿਣਤੀ ਵਿੱਚ ਘੱਟ ਗਾਰਡਾਂ ਦੀ ਮਦਦ ਕਰਦੇ ਹਨ) ਅਤੇ ਆਪਣਾ ਬਾਜ਼ਾਰ ਹੈ (ਸਟਾਲਾਂ ਦੀ ਇੱਕ ਕਤਾਰ, ਜਿੱਥੇ ਕੈਦੀ ਫਰਾਈਡ ਕਸਾਵਾ ਅਤੇ ਬੇਗਨੇਟ ਪੇਸਟਰੀ ਵਰਗੀਆਂ ਚੀਜ਼ਾਂ ਖਰੀਦਦੇ-ਵੇਚਦੇ ਹਨ)।

ਅਸਲ ਵਿੱਚ, ਨਿਊ ਬੈੱਲ ਦੇ ਕੈਦੀਆਂ ਨੇ ਜੇਲ੍ਹ ਦੇ ਢਿੱਲੇ ਨਿਯਮਾਂ ਨੂੰ ਆਪਣੇ ਫ਼ਾਇਦੇ ਲਈ ਵਰਤਣਾ ਸਿੱਖ ਲਿਆ ਹੈ।

ਇਸ ਸੋਚ ਦੀ ਸਭ ਤੋਂ ਵਧੀਆ ਮਿਸਾਲ ਹੈ- 'ਜੇਲ੍ਹ ਟਾਈਮ ਰਿਕਾਰਡਜ਼'। ਇਹ ਜੇਲ੍ਹ ਦੇ ਅੰਦਰ ਹੀ ਬਣਿਆ ਇੱਕ ਮਿਊਜ਼ਿਕ ਸਟੂਡੀਓ ਅਤੇ ਲੇਬਲ ਹੈ। ਜੋ ਸਭ ਤੋਂ ਹੁਨਰਮੰਦ ਕੈਦੀਆਂ ਨੂੰ ਇੰਟਰਨੈਟ ਦੇ ਸਟਾਰ ਬਣਾ ਰਿਹਾ ਹੈ।

ਜੇਲ੍ਹ ਦੇ ਅੰਦਰ ਅਤੇ ਬਾਹਰ ਗੈਂਗ ਚਲਾਉਣ ਵਾਲੇ ਖ਼ਤਰਨਾਕ ਲੀਡਰ 'ਐਮਪੇਰਰ' ਦੇ ਇੱਕ ਮਿਊਜ਼ਿਕ ਵੀਡੀਓ ਨੂੰ ਯੂਟਿਊਬ 'ਤੇ 24,000 ਵਾਰ ਦੇਖਿਆ ਗਿਆ ਹੈ। ਇਹ ਵੀਡੀਓ ਪੂਰੀ ਤਰ੍ਹਾਂ ਜੇਲ੍ਹ ਦੇ ਅੰਦਰ ਹੀ ਸ਼ੂਟ ਕੀਤਾ ਗਿਆ ਸੀ।

ਕੈਦੀਆਂ ਦੇ ਗੀਤਾਂ ਨੂੰ ਦੱਖਣੀ ਅਫ਼ਰੀਕਾ, ਅਮਰੀਕਾ ਅਤੇ ਅਰਜਨਟੀਨਾ ਵਰਗੇ ਦੂਰ-ਦੁਰਾਡੇ ਦੇ ਦੇਸ਼ਾਂ ਵਿੱਚ ਵੀ ਪਸੰਦ ਕੀਤਾ ਜਾ ਰਿਹਾ ਹੈ। ਨਾਲ ਹੀ, ਇਸ ਸਾਲ ਦੀ ਸ਼ੁਰੂਆਤ ਵਿੱਚ 'ਜੇਲ੍ਹ ਟਾਈਮ ਰਿਕਾਰਡਜ਼' ਨੇ ਨਿਊ ਬੈੱਲ ਦੇ ਵਿਹੜੇ ਵਿੱਚ ਕੈਦੀਆਂ ਲਈ ਇੱਕ ਵੱਡਾ ਕਾਂਸਰਟਵੀ ਕਰਵਾਇਆ ਸੀ।

'ਜੇਲ੍ਹ ਟਾਈਮ ਰਿਕਾਰਡਜ਼' ਦੇ ਕੋ-ਫਾਊਂਡਰ ਅਤੇ ਸਾਬਕਾ ਕੈਦੀ ਸਟੀਵ ਹੈਪੀ ਨੇ ਬੀਬੀਸੀ ਦੇ 'ਟਾਕਿੰਗ ਮੂਵੀਜ਼' ਪ੍ਰੋਗਰਾਮ ਨੂੰ ਦੱਸਿਆ, "ਇਹ ਵਿਰੋਧ ਦਾ ਇੱਕ ਜ਼ਰੀਆ ਹੈ... ਜਿੱਥੇ ਅਸੀਂ ਸੱਚਮੁੱਚ ਦੋਸਤੀ ਅਤੇ ਪਿਆਰ ਵੰਡ ਸਕਦੇ ਹਾਂ ਅਤੇ ਸਾਡੀ ਆਵਾਜ਼ ਸੁਣੀ ਜਾ ਸਕਦੀ ਹੈ।"

"ਹੁਣ ਅਸੀਂ ਉਨ੍ਹਾਂ ਚਾਰ ਦੀਵਾਰਾਂ ਬਾਰੇ ਨਹੀਂ ਸੋਚਦੇ, ਸਾਨੂੰ ਆਜ਼ਾਦੀ ਮਿਲ ਜਾਂਦੀ ਹੈ।"

'ਜੇਲ੍ਹ ਟਾਈਮ ਰਿਕਾਰਡਜ਼' ਦਾ ਸਟੂਡੀਓ ਬਹੁਤ ਸਾਦਾ ਜਿਹਾ ਹੈ, ਇੱਕ ਛੋਟਾ, ਹੁੰਮਸ ਭਰਿਆ ਰਿਕਾਰਡਿੰਗ ਬੂਥ, ਜੋ ਇੱਕ ਅਜਿਹੇ ਕਮਰੇ ਨਾਲ ਜੁੜਿਆ ਹੈ ਜਿਸ ਵਿੱਚ ਸਿਰਫ਼ ਇੱਕ ਕੰਪਿਊਟਰ ਰੱਖਿਆ ਹੈ।

ਪਰ ਸਟੂਡੀਓ ਦੇ ਨਾਮ 'ਤੇ ਬਣੀ ਹਾਲੀਆ ਮਸ਼ਹੂਰ ਡਾਕੂਮੈਂਟਰੀ ਦੇ ਅਨੁਸਾਰ, ਇਹ ਜਗ੍ਹਾ ਮਨ ਦਾ ਬੋਝ ਹਲਕਾ ਕਰਨ ਅਤੇ ਕ੍ਰੀਏਟਿਵਿਟੀ ਦਿਖਾਉਣ ਦਾ ਵੀ ਇੱਕ ਜ਼ਰੀਆ ਹੈ।

ਹੈਪੀ ਅਤੇ ਇਟਲੀ ਦੀ ਉਨ੍ਹਾਂ ਦੀ ਸਾਥੀ ਕਲਾਕਾਰ (ਅਤੇ 'ਜੇਲ੍ਹ ਟਾਈਮ ਰਿਕਾਰਡਜ਼' ਦੀ ਕੋ-ਫਾਊਂਡਰ) ਡਿਓਨ ਰੋਚ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ ਛੇ ਸਾਲ ਤੱਕ ਨਿਊ ਬੈੱਲ ਵਿੱਚ ਸ਼ੂਟ ਕੀਤੀ ਗਈ ਸੀ।

ਪਿਛਲੇ ਮਹੀਨੇ ਨਿਊਯਾਰਕ ਦੇ ਟ੍ਰਿਬੇਕਾ ਫ਼ਿਲਮ ਫ਼ੈਸਟੀਵਲ ਵਿੱਚ ਇਸ ਫਿਲਮ ਨੇ ਤਿੰਨ ਪੁਰਸਕਾਰ ਜਿੱਤੇ, ਜਿਨ੍ਹਾਂ ਵਿੱਚ 'ਬੈਸਟ ਡਾਕੂਮੈਂਟਰੀ ਫੀਚਰ' ਦਾ ਪੁਰਸਕਾਰ ਵੀ ਸ਼ਾਮਲ ਹੈ।

ਫ਼ਿਲਮ ਵਿੱਚ, 'ਸਟੋਨ' ਨਾਮ ਦਾ ਇੱਕ ਕੈਦੀ ਸਟੂਡੀਓ ਦੇ ਮਾਈਕ੍ਰੋਫ਼ੋਨ 'ਤੇ ਰੈਪ (ਰੈਪ ਸਾਂਗ) ਕਰਦਾ ਹੈ, ਜਿਸਦੇ ਬੋਲ ਕੁਝ ਇਸ ਤਰ੍ਹਾਂ ਹਨ - "ਹਾਰਟ ਆਫ਼ ਸਟੋਨ, ਇਟਜ਼ ਵਾਰ। ਮਾਇ ਸੈਂਸੇਜ਼ ਸ਼ੈਟਰ ਲਾਇਕ ਬ੍ਰੋਕਨ ਗਲਾਸ।"

"ਆਇ ਐਮ ਕਲੋਜ਼ਡ ਐਂਡ ਟਾਈਟ ਲਾਇਕ ਏ ਸੈਲ ਡੋਰ। ਨੋ ਸਾਲਿਡ ਗਰਾਊਂਡ ਆਇ ਸਲੀਪ ਲਾਇਕ ਏ ਫਿਸ਼।"

(ਮੈਂ ਜੇਲ੍ਹ ਦੀ ਕੋਠੜੀ ਦੇ ਦਰਵਾਜ਼ੇ ਵਾਂਗ ਬੰਦ ਅਤੇ ਕੱਸਿਆ ਹੋਇਆ ਹਾਂ। ਪੈਰ ਧਰਨ ਲਈ ਕੋਈ ਠੋਸ ਜ਼ਮੀਨ ਨਹੀਂ ਹੈ, ਮੈਂ ਮੱਛੀ ਵਾਂਗ ਫਿਸਲ ਜਾਂਦਾ ਹਾਂ।"

ਸਟੋਨ, ਜੋ ਕਦੇ ਕੈਮਰੂਨ ਦੇ ਰਾਸ਼ਟਰਪਤੀ ਗਾਰਡ ਵਿੱਚ ਫੌਜੀ ਸਨ, ਉਨ੍ਹਾਂ ਨੂੰ ਲੁੱਟਪਾਟ ਅਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਹਥਿਆਰ ਰੱਖਣ ਦੇ ਦੋਸ਼ ਵਿੱਚ 'ਨਿਊ ਬੈੱਲ ' ਜੇਲ੍ਹ ਵਿੱਚ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬੇਕਸੂਰ ਹਨ।

ਫ਼ਿਲਮ ਵਿੱਚ ਉਨ੍ਹਾਂ ਨੂੰ ਆਪਣੀ ਛੋਟੀ ਧੀ ਮਾਇਰਾ ਨਾਲ ਫ਼ੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋਏ ਦਿਖਾਇਆ ਗਿਆ ਹੈ, ਜਿਸ ਵਿੱਚ ਉਹ ਅਕਸਰ ਨਾਕਾਮ ਰਹਿੰਦੇ ਹਨ।

ਮਾਇਰਾ ਨਾਲ ਸੰਪਰਕ ਨਾ ਹੋ ਸਕਣ ਤੋਂ ਬਾਅਦ, ਪਰਿਵਾਰ ਦੇ ਇੱਕ ਮੈਂਬਰ ਨੂੰ ਭੇਜੇ ਗਏ ਵੌਇਸ ਮੈਸੇਜ ਵਿੱਚ ਉਹ ਕਹਿੰਦੇ ਹਨ, "ਕਾਫ਼ੀ ਸਮਾਂ ਹੋ ਗਿਆ ਹੈ। ਉਸ ਨੂੰ ਸਮੇਂ-ਸਮੇਂ 'ਤੇ ਮੇਰੀ ਆਵਾਜ਼ ਸੁਣਨੀ ਚਾਹੀਦੀ ਹੈ, ਤਾਂ ਜੋ ਉਹ ਆਪਣੇ ਪਿਤਾ ਨੂੰ ਭੁੱਲ ਨਾ ਜਾਵੇ।"

'ਹਾਰਟ ਆਫ਼ ਸਟੋਨ' ਦਾ ਮਿਊਜ਼ਿਕ ਵੀਡੀਓ 'ਜੇਲ੍ਹ ਟਾਈਮ ਰਿਕਾਰਡਜ਼' ਦੀ ਆਮ ਸ਼ੈਲੀ ਵਾਲਾ ਹੈ। ਇਸਦੀ ਪ੍ਰੋਡਕਸ਼ਨ ਸ਼ਾਨਦਾਰ ਹੈ, ਕਹਾਣੀ ਸੁਣਾਉਣ ਦਾ ਅੰਦਾਜ਼ ਦਿਲਚਸਪ ਹੈ ਅਤੇ ਜੇਲ੍ਹ ਦੇ ਕਈ ਕੈਦੀ ਇਸ ਵਿੱਚ ਅਦਾਕਾਰ ਅਤੇ ਕਰੂ ਦੇ ਤੌਰ 'ਤੇ ਸ਼ਾਮਲ ਹੁੰਦੇ ਹਨ।

ਜੇਲ੍ਹ ਵਿੱਚ ਜੰਮਿਆ ਸੰਗੀਤ ਦਾ ਸੁਪਨਾ

ਨਿਊਜ਼ੀਲੈਂਡ ਦੇ ਆਸਕਰ ਜੇਤੂ ਨਿਰਦੇਸ਼ਕ ਤਾਇਕਾ ਵਾਈਟੀਟੀ ਕਹਿੰਦੇ ਹਨ, "ਉੱਥੋਂ ਜੋ ਸੰਗੀਤ ਬਣ ਕੇ ਨਿਕਲਦਾ ਹੈ, ਉਹ ਕਮਾਲ ਦਾ ਹੁੰਦਾ ਹੈ।"

ਉਨ੍ਹਾਂ ਨੇ ਆਪਣੀ ਪਤਨੀ ਅਤੇ ਗਾਇਕਾ ਰੀਟਾ ਓਰਾ ਨਾਲ ਮਿਲ ਕੇ 'ਜੇਲ੍ਹ ਟਾਈਮ ਰਿਕਾਰਡਜ਼' ਦੀ ਡਾਕੂਮੈਂਟਰੀ ਲਈ ਐਗਜ਼ਿਕਿਊਟਿਵ ਪ੍ਰੋਡਿਊਸਰ ਵਜੋਂ ਕੰਮ ਕੀਤਾ ਸੀ।

ਤਾਇਕਾ ਵਾਈਟੀਟੀ ਕਹਿੰਦੇ ਹਨ, "ਕਲਾ ਵਿੱਚ ਮੁੜ ਜ਼ਿੰਦਗੀ ਨੂੰ ਨਵਾਂ ਮੋੜ ਦੇਣ ਦੀ ਬਹੁਤ ਵੱਡੀ ਤਾਕਤ ਹੁੰਦੀ ਹੈ। ਸੋਚੋ, ਇੱਥੇ ਕੁਝ ਲੋਕ ਅਜਿਹੇ ਹਨ ਜੋ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਅਜਿਹੇ ਲੋਕਾਂ ਲਈ ਆਪਣੇ ਜਜ਼ਬਾਤ ਪ੍ਰਗਟ ਕਰਨ ਦਾ ਕੋਈ ਰਾਹ ਹੋਣਾ ਬੇਹੱਦ ਤਾਕਤਵਰ ਅਤੇ ਇਨਸਾਨੀਅਤ ਭਰਿਆ ਕੰਮ ਹੈ।"

'ਜੇਲ੍ਹ ਟਾਈਮ ਰਿਕਾਰਡਜ਼' ਦੀ ਸ਼ੁਰੂਆਤ 2018 ਵਿੱਚ ਹੋਈ ਸੀ, ਜਦੋਂ ਡਿਓਨ ਰੋਚ ਨਿਊ ਬੈੱਲ ਜੇਲ੍ਹ ਵਿੱਚ ਸਮਾਗਮ ਕਰਵਾਉਣ ਵਾਲੀ ਇੱਕ ਗ਼ੈਰ-ਮੁਨਾਫ਼ਾ ਸੰਸਥਾ ਨਾਲ ਵਲੰਟੀਅਰ ਵਜੋਂ ਜੁੜੀ ਹੋਈ ਸੀ।

ਕੈਦੀਆਂ ਲਈ ਕਰਵਾਈ ਗਈ ਇੱਕ ਡਾਂਸ ਕਲਾਸ ਦੌਰਾਨ ਰੈਪਰਾਂ ਦੇ ਇੱਕ ਗਰੁੱਪ ਨੇ ਮਾਈਕ ਸੰਭਾਲ ਲਿਆ ਅਤੇ ਤੁਰੰਤ ਰੈਪ ਗਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਪੇਸ਼ਕਾਰੀ ਤੋਂ ਪ੍ਰਭਾਵਿਤ ਹੋ ਕੇ ਰੋਚ ਨੇ ਜੇਲ੍ਹ ਪ੍ਰਸ਼ਾਸਨ ਤੋਂ ਇੱਕ ਮਿਊਜ਼ਿਕ ਸਟੂਡੀਓ ਬਣਾਉਣ ਦੀ ਇਜਾਜ਼ਤ ਮੰਗੀ।

ਜੇਲ੍ਹ ਅਧਿਕਾਰੀਆਂ ਨੇ ਇਸ ਵਿਚਾਰ ਨੂੰ ਮਨਜ਼ੂਰੀ ਦੇ ਦਿੱਤੀ। ਇਸ ਤੋਂ ਬਾਅਦ ਰੋਚ ਨੇ ਸਟੀਵ ਹੈਪੀ ਨੂੰ ਪ੍ਰੋਡਿਊਸਰ ਅਤੇ ਸਾਊਂਡ ਇੰਜੀਨੀਅਰ ਵਜੋਂ ਸਟੂਡੀਓ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ।

ਹੈਪੀ ਦੇ ਮੁਤਾਬਕ, ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਪਰਿਵਾਰ ਵਿੱਚ ਹੋਏ ਵਿਵਾਦ ਕਾਰਨ ਨਿਊ ਬੈੱਲ ਜੇਲ੍ਹ ਪਹੁੰਚੇ ਸਨ।

ਉਨ੍ਹਾਂ ਦਾ ਦਾਅਵਾ ਹੈ ਕਿ ਇਸ ਝਗੜੇ ਦੌਰਾਨ ਉਨ੍ਹਾਂ ਦੀ ਇੱਕ ਰਿਸ਼ਤੇਦਾਰ, ਜੋ ਹਾਈ ਕੋਰਟ ਦੀ ਜੱਜ ਸੀ, ਨੇ ਉਨ੍ਹਾਂ 'ਤੇ ਆਪਣੇ ਹੀ ਪਿਤਾ ਦੇ ਕਤਲ ਦਾ ਦੋਸ਼ ਲਗਵਾ ਕੇ ਜੇਲ੍ਹ ਭੇਜ ਦਿੱਤਾ। 'ਜੇਲ੍ਹ ਟਾਈਮ ਰਿਕਾਰਡਜ਼' ਮੁਤਾਬਕ, ਦੋ ਸਾਲ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਬਰੀ ਕਰ ਦਿੱਤਾ।

ਸੰਗੀਤ ਰਾਹੀਂ ਬਦਲਾਅ ਦੀ ਕੋਸ਼ਿਸ਼

2022 ਵਿੱਚ ਹੈਪੀ, ਰੋਚ ਅਤੇ ਕੈਦੀਆਂ ਨੇ ਮਿਲ ਕੇ 'ਜੇਲ੍ਹ ਟਾਈਮ ਵੋਲਿਊਮ 1' ਨਾਮ ਦੀ ਐਲਬਮ ਜਾਰੀ ਕੀਤੀ। 'ਜੇਲ੍ਹ ਟਾਈਮ ਰਿਕਾਰਡਜ਼' ਦੀ ਰਵਾਇਤ ਮੁਤਾਬਕ, ਐਲਬਮ ਦੀ ਵਿਕਰੀ ਤੋਂ ਹੋਈ ਕਮਾਈ ਦਾ ਅੱਧਾ ਹਿੱਸਾ ਕਲਾਕਾਰਾਂ ਨੂੰ ਦਿੱਤਾ ਗਿਆ, ਜਦਕਿ ਬਾਕੀ ਪੈਸਾ ਰਿਕਾਰਡ ਲੇਬਲ ਨੂੰ ਅੱਗੇ ਚਲਾਉਣ ਲਈ ਮੁੜ ਨਿਵੇਸ਼ ਕੀਤਾ ਗਿਆ।

ਨਿਊ ਬੈੱਲ ਵਰਗੇ ਸਖ਼ਤ ਮਾਹੌਲ ਵਿੱਚ ਰਹਿੰਦੇ ਕਲਾਕਾਰਾਂ ਲਈ ਇਸ ਸਟੂਡੀਓ ਦਾ ਚੱਲਦੇ ਰਹਿਣਾ ਬਹੁਤ ਮਹੱਤਵਪੂਰਨ ਹੈ।

2022 ਵਿੱਚ ਹਿਊਮਨ ਰਾਈਟਸ ਵਾਚ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਸੀ ਕਿ ਨਿਊ ਬੈੱਲ ਜੇਲ੍ਹ ਦੀ ਸਮਰੱਥਾ ਨਾਲੋਂ ਚਾਰ ਗੁਣਾ ਵੱਧ, ਕਰੀਬ 4,700 ਕੈਦੀ ਉੱਥੇ ਬੰਦ ਸਨ।

ਮਨੁੱਖੀ ਅਧਿਕਾਰ ਸੰਸਥਾਵਾਂ ਦੇ ਅਨੁਸਾਰ, ਜੇਲ੍ਹ ਵਿੱਚ ਬਹੁਤ ਜ਼ਿਆਦਾ ਭੀੜ ਅਤੇ ਗੰਦਗੀ ਕਾਰਨ ਚਾਰ ਸਾਲ ਪਹਿਲਾਂ ਹੈਜ਼ੇ ਦੀ ਮਹਾਮਾਰੀ ਤੇਜ਼ੀ ਨਾਲ ਫੈਲ ਗਈ ਸੀ, ਜਿਸ ਨਾਲ ਘੱਟੋ-ਘੱਟ ਛੇ ਕੈਦੀਆਂ ਦੀ ਮੌਤ ਹੋ ਗਈ ਸੀ।

ਨਿਊ ਬੈੱਲ ਜੇਲ੍ਹ ਹਿੰਸਾ ਲਈ ਵੀ ਬਦਨਾਮ ਰਹੀ ਹੈ। 2008 ਵਿੱਚ ਜੇਲ੍ਹ ਤੋਂ ਭੱਜਣ ਦੀ ਕੋਸ਼ਿਸ਼ ਦੌਰਾਨ ਗਾਰਡਾਂ ਨੇ ਗੋਲੀਆਂ ਚਲਾ ਕੇ 16 ਕੈਦੀਆਂ ਨੂੰ ਮਾਰ ਦਿੱਤਾ ਸੀ।

ਕੈਦੀ ਆਪਸ ਵਿੱਚ ਵੀ ਇੱਕ-ਦੂਜੇ ਨੂੰ ਧਮਕਾਉਂਦੇ ਅਤੇ ਹਮਲੇ ਕਰਦੇ ਹਨ। ਡਾਕੂਮੈਂਟਰੀ ਵਿੱਚ ਦਿਖਾਇਆ ਗਿਆ ਹੈ ਕਿ ਕਈ ਅਪਰਾਧਾਂ ਵਿੱਚ 10 ਸਾਲ ਦੀ ਸਜ਼ਾ ਕੱਟ ਰਿਹਾ 'ਐਮਪੇਰਰ' ਇੱਕ ਨਵੇਂ ਅਤੇ ਘਬਰਾਏ ਹੋਏ ਕੈਦੀ ਤੋਂ ਉਸ ਦੀ ਗਲੇ ਦੀ ਚੇਨ ਅਤੇ ਚੱਪਲਾਂ ਜ਼ਬਰਦਸਤੀ ਲੈ ਲੈਂਦਾ ਹੈ।

ਜਦੋਂ ਬੀਬੀਸੀ ਨੇ ਡਿਓਨ ਰੋਚ ਤੋਂ ਪੁੱਛਿਆ ਕਿ ਕੀ 'ਜੇਲ੍ਹ ਟਾਈਮ ਰਿਕਾਰਡਜ਼' ਵਰਗਾ ਪ੍ਰੋਜੈਕਟ 'ਐਮਪੇਰਰ' ਅਤੇ ਹੋਰ ਹਿੰਸਕ ਅਪਰਾਧੀਆਂ ਦੇ ਅਕਸ ਦੀ ਵਾਹਵਾਈ ਨਹੀਂ ਕਰਦਾ, ਤਾਂ ਉਨ੍ਹਾਂ ਨੇ ਕਿਹਾ, "ਅਸੀਂ ਅਸਲ ਵਿੱਚ ਪੁਨਰਵਾਸ ਦੀ ਪ੍ਰਕਿਰਿਆ 'ਤੇ ਕੰਮ ਕਰ ਰਹੇ ਹਾਂ।''

"ਅਸੀਂ ਜੇਲ੍ਹ ਵਿੱਚ ਬਿਨ੍ਹਾਂ ਕਿਸੇ ਫ਼ੈਸਲਾ ਸੁਣਾਏ ਦਾਖ਼ਲ ਹੁੰਦੇ ਹਾਂ ਅਤੇ ਇਸ ਤਰ੍ਹਾਂ ਦਾ ਕੰਮ ਕਰਨ ਦਾ ਇਹੀ ਇੱਕ ਸਹੀ ਤਰੀਕਾ ਹੈ।''

"ਸੰਗੀਤ, ਹੋਰ ਹਰ ਰਚਨਾਤਮਕ ਪ੍ਰਕਿਰਿਆ ਵਾਂਗ, ਆਪਣੇ ਆਪ ਨੂੰ ਸਮਝਣ ਦਾ ਇੱਕ ਸਾਧਨ ਹੈ। ਇਹ ਇਨਸਾਨ ਨੂੰ ਆਪਣੇ ਕੀਤੇ ਕੰਮਾਂ ਦਾ ਸਾਹਮਣਾ ਕਰਨ ਅਤੇ ਉਮੀਦ ਹੈ ਕਿ ਬਿਹਤਰ ਇਨਸਾਨ ਬਣਨ ਵਿੱਚ ਮਦਦ ਕਰਦਾ ਹੈ।"

ਲੱਗਦਾ ਹੈ ਕਿ ਜੇਲ੍ਹ ਪ੍ਰਸ਼ਾਸਨ ਵੀ ਇਸ ਸੋਚ ਨਾਲ ਸਹਿਮਤ ਹੈ।

ਹੈਪੀ ਕਹਿੰਦੇ ਹਨ, "ਉਨ੍ਹਾਂ ਨੇ ਇਸ ਪ੍ਰੋਜੈਕਟ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ। ਕੈਮਰੂਨ ਸੰਗੀਤ ਨੂੰ ਬੇਹੱਦ ਪਿਆਰ ਕਰਨ ਵਾਲਾ ਦੇਸ਼ ਹੈ... ਇੱਥੇ ਹਰ ਕੋਈ ਸੰਗੀਤ ਪਸੰਦ ਕਰਦਾ ਹੈ।"

ਉਹ ਦੱਸਦੇ ਹਨ ਕਿ ਇਸ ਸਾਲ ਹੋਏ ਕਾਂਸਰਟ ਵਿੱਚ ਜੇਲ੍ਹ ਦੇ ਮੁਖੀ ਨੇ ਵੀ ਸ਼ਿਰਕਤ ਕੀਤੀ ਅਤੇ ਕਲਾਕਾਰਾਂ ਨਾਲ ਮਿਲ ਕੇ ਨੱਚੇ ਵੀ।

ਸਰਕਾਰੀ ਸਹਿਯੋਗ ਕਾਰਨ 'ਜੇਲ੍ਹ ਟਾਈਮ ਰਿਕਾਰਡਜ਼' ਲਗਾਤਾਰ ਅੱਗੇ ਵਧਦਾ ਗਿਆ ਹੈ ਅਤੇ ਹੁਣ ਇਹ ਨਿਊ ਬੈੱਲ ਦੀ ਮਹਿਲਾ ਵਿੰਗ ਦੀਆਂ ਕੈਦੀ ਔਰਤਾਂ ਸਮੇਤ ਹੋਰ ਕਈ ਕੈਦੀਆਂ ਨੂੰ ਵੀ ਮੌਕੇ ਦੇ ਰਿਹਾ ਹੈ।

'ਜੇਜੇ' 'ਜੇਲ੍ਹ ਟਾਈਮ ਰਿਕਾਰਡਜ਼' ਦੀ ਪਹਿਲੀ ਔਰਤ ਕਲਾਕਾਰ ਹੈ। ਉਸ ਨੇ 2022 ਵਿੱਚ 'ਸ਼ੋ ਮੀ ਦਿ ਵੇ' ਨਾਮ ਦੇ ਅਫ਼ਰੋਬੀਟਸ ਗੀਤ ਨਾਲ ਆਪਣਾ ਡੈਬਿਊ ਕੀਤਾ।

ਗੀਤ ਵਿੱਚ ਉਹ ਗਾਉਂਦੀ ਹੈ, "ਕਿਸੇ ਨੇ ਮੈਨੂੰ ਰਾਹ ਨਹੀਂ ਦਿਖਾਇਆ, ਕਿਸੇ ਨੇ ਵੀ ਨਹੀਂ... ਮੈਂ ਸਭ ਕੁਝ ਆਪਣੇ ਦਮ 'ਤੇ ਕੀਤਾ।"

ਜੇਜੇ ਨੂੰ ਆਪਣੇ ਕਿਸੇ ਰਿਸ਼ਤੇਦਾਰ ਤੋਂ ਪੈਸੇ ਚੋਰੀ ਕਰਕੇ ਭੱਜਣ ਦੇ ਦੋਸ਼ ਵਿੱਚ ਜੇਲ੍ਹ ਭੇਜਿਆ ਗਿਆ ਸੀ, ਜਿਸ 'ਤੇ ਉਹ ਕਥਿਤ ਤੌਰ 'ਤੇ ਉਸ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਉਂਦੀ ਹੈ।

ਔਰਤ ਵਿੰਗ ਨਾਲ ਕੰਮ ਕਰਨ ਦੇ ਨਾਲ-ਨਾਲ 'ਜੇਲ੍ਹ ਟਾਈਮ ਰਿਕਾਰਡਜ਼' ਨੇ ਆਪਣਾ ਪ੍ਰੋਜੈਕਟ ਨਿਊ ਬੇਲ ਅਤੇ ਕੈਮਰੂਨ ਤੋਂ ਬਾਹਰ ਵੀ ਫੈਲਾਇਆ ਹੈ।

2023 ਵਿੱਚ ਰੋਚ ਅਤੇ ਹੈਪੀ ਨੇ ਕੈਮਰੂਨ ਤੋਂ ਲਗਭਗ 1,600 ਕਿਲੋਮੀਟਰ ਦੂਰ ਬੁਰਕੀਨਾ ਫ਼ਾਸੋ ਦੀ ਰਾਜਧਾਨੀ ਔਆਗਾਦੂਗੂ ਦੀ ਕੇਂਦਰੀ ਜੇਲ੍ਹ ਵਿੱਚ ਵੀ ਇੱਕ ਨਵਾਂ ਸਟੂਡੀਓ ਸਥਾਪਤ ਕੀਤਾ।

'ਜੇਲ੍ਹ ਟਾਈਮ ਰਿਕਾਰਡਜ਼' ਨੂੰ ਉਮੀਦ ਹੈ ਕਿ ਉਹ ਨਿਊ ਬੈੱਲ ਦੇ ਮੂਲ ਸਟੂਡੀਓ ਵਾਂਗ ਉੱਥੇ ਵੀ ਰਿਕਾਰਡ ਲੇਬਲ, ਮਿਊਜ਼ਿਕ ਵੀਡੀਓ ਨਿਰਮਾਣ ਅਤੇ ਹੁਣ ਪੁਰਸਕਾਰ ਜੇਤੂ ਡਾਕੂਮੈਂਟਰੀ ਵਰਗੀ ਸਫ਼ਲਤਾ ਦੁਹਰਾ ਸਕੇਗਾ।

ਡਾਕੂਮੈਂਟਰੀ ਦੇ ਅੰਤ ਵਿੱਚ ਇੱਕ 'ਇਨ ਮੈਮੋਰੀਅਮ' ਹਿੱਸਾ ਦਿਖਾਇਆ ਗਿਆ ਹੈ, ਜਿਸ ਵਿੱਚ ਉਨ੍ਹਾਂ ਛੇ ਕੈਦੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ, ਜਿਨ੍ਹਾਂ ਦੀ ਮੌਤ ਇਸ ਪ੍ਰੋਜੈਕਟ ਦੌਰਾਨ ਹੋ ਗਈ ਸੀ।

ਨਿਊ ਬੈੱਲ ਭਾਵੇਂ ਇੱਕ ਬੇਹੱਦ ਨਿਰਾਸ਼ਾਜਨਕ ਥਾਂ ਜਾਪਦੀ ਹੋਵੇ, ਪਰ ਹੈਪੀ ਦਾ ਕਹਿਣਾ ਹੈ ਕਿ ਸੰਗੀਤ ਕੈਦੀਆਂ ਲਈ "ਇੱਕ ਬਿਹਤਰ ਭਵਿੱਖ ਵੱਲ ਰਾਹ ਦਿਖਾਉਣ ਵਾਲੀ ਲਾਲਟੈਨ" ਬਣ ਗਿਆ ਹੈ।

ਉਹ ਕਹਿੰਦੇ ਹਨ, "ਪਹਿਲਾਂ ਉਨ੍ਹਾਂ ਦੀ ਸੋਚ ਇਹ ਸੀ ਕਿ ਪੂਰੀ ਦੁਨੀਆ ਉਨ੍ਹਾਂ ਦੇ ਖ਼ਿਲਾਫ਼ ਹੈ।

"ਪਰ ਹੁਣ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਵੀ ਮਹੱਤਵ ਰੱਖਦੇ ਹਨ ਅਤੇ ਸਮਾਜ ਵਿੱਚ ਉਨ੍ਹਾਂ ਦੀ ਵੀ ਇੱਕ ਥਾਂ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)