You’re viewing a text-only version of this website that uses less data. View the main version of the website including all images and videos.
ਮੀਰਾਬਾਈ ਚਾਨੂ ਨੇ ਤੀਜੀ ਵਾਰ ਕਾਮਨਵੈਲਥ ਗੇਮਜ਼ ਵਿੱਚ ਜਿੱਤਿਆ ਸੋਨ ਤਗ਼ਮਾ, ਜਿੱਤ ਤੋਂ ਬਾਅਦ ਮੀਰਾ ਨੇ ਕੀ ਕਿਹਾ
ਵੇਟਲਿਫ਼ਟਰ ਮੀਰਾਬਾਈ ਚਾਨੂ ਨੇ ਗਲਾਸਗੋ ਕਾਮਨਵੈਲਥ ਗੇਮਜ਼ ਵਿੱਚ ਭਾਰਤ ਲਈ ਪਹਿਲਾ ਸੋਨ ਤਗ਼ਮਾ ਜਿੱਤ ਲਿਆ ਹੈ।
ਮੀਰਾਬਾਈ ਨੇ ਲਗਾਤਾਰ ਤੀਜੀ ਵਾਰ ਕਾਮਨਵੈਲਥ ਗੇਮਜ਼ ਵਿੱਚ ਸੋਨ ਤਗ਼ਮਾ ਜਿੱਤਿਆ ਹੈ।
ਮਹਿਲਾਵਾਂ ਦੇ 48 ਕਿਲੋਗ੍ਰਾਮ ਵਰਗ ਦੇ ਮੁਕਾਬਲੇ ਵਿੱਚ ਮੀਰਾਬਾਈ ਨੇ ਕਈ ਰਿਕਾਰਡ ਤੋੜੇ।
ਉਨ੍ਹਾਂ ਨੇ ਸਨੈਚ ਵਿੱਚ 85 ਕਿਲੋਗ੍ਰਾਮ, ਕਲੀਨ ਐਂਡ ਜਰਕ ਵਿੱਚ 105 ਕਿਲੋਗ੍ਰਾਮ ਸਮੇਤ ਕੁੱਲ 190 ਕਿਲੋਗ੍ਰਾਮ ਭਾਰ ਚੁੱਕਿਆ।
ਮੀਰਾਬਾਈ ਚਾਨੂ ਨੇ ਕਾਮਨਵੈਲਥ ਗੇਮਜ਼ ਵਿੱਚ ਸਨੈਚ ਵਿੱਚ 85 ਕਿਲੋਗ੍ਰਾਮ ਭਾਰ ਚੁੱਕਿਆ ਹੈ, ਜੋ ਕਿ ਇੱਕ ਰਿਕਾਰਡ ਹੈ।
ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਕ, ਮੀਰਾਬਾਈ ਚਾਨੂ ਨੇ ਕਿਹਾ, "ਮੈਂ ਬਹੁਤ ਖੁਸ਼ ਹਾਂ। ਕਾਮਨਵੈਲਥ ਖੇਡਾਂ ਵਿੱਚ ਇਹ ਮੇਰਾ ਤੀਜਾ ਸੋਨੇ ਦਾ ਤਮਗਾ ਹੈ। ਕੁੱਲ ਮਿਲਾ ਕੇ ਇਹ ਮੇਰਾ ਚੌਥਾ ਤਮਗਾ ਹੈ। ਮੇਰਾ ਸਫ਼ਰ 2014 ਦੀਆਂ ਕਾਮਨਵੈਲਥ ਖੇਡਾਂ ਤੋਂ ਹੀ ਸ਼ੁਰੂ ਹੋਇਆ ਸੀ, ਜਿੱਥੇ ਮੈਂ ਚਾਂਦੀ ਦਾ ਤਮਗਾ ਜਿੱਤਿਆ ਸੀ।"
ਉਨ੍ਹਾਂ ਕਿਹਾ, "ਅੱਜ ਭਾਰਤ ਲਈ ਸੋਨੇ ਦਾ ਤਮਗਾ ਜਿੱਤ ਕੇ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਲਗਾਤਾਰ ਸੋਨੇ ਦੇ ਤਮਗੇ ਜਿੱਤਣਾ ਕਿਸੇ ਵੀ ਖਿਡਾਰੀ ਲਈ ਬਹੁਤ ਵੱਡੀ ਉਪਲਬਧੀ ਹੁੰਦੀ ਹੈ, ਇਸ ਲਈ ਅੱਜ ਮੈਂ ਬਹੁਤ ਖੁਸ਼ ਹਾਂ।"
ਲਗਾਤਾਰ ਤੀਜੀ ਵਾਰ ਜਿੱਤਿਆ ਗੋਲਡ
ਮੀਰਾਬਾਈ ਚਾਨੂ ਨੇ ਲਗਾਤਾਰ ਤੀਜੀ ਵਾਰ ਕਾਮਨਵੈਲਥ ਗੇਮਜ਼ ਵਿੱਚ ਸੋਨ ਤਗ਼ਮਾ ਜਿੱਤਿਆ ਹੈ ਪਰ ਉਹ ਇਸ ਤੋਂ ਪਹਿਲਾਂ ਚਾਂਦੀ ਦਾ ਤਗ਼ਮਾ ਵੀ ਜਿੱਤ ਚੁੱਕੇ ਹਨ।
ਉਨ੍ਹਾਂ ਨੇ ਸਾਲ 2014 ਵਿੱਚ ਗਲਾਸਗੋ ਵਿੱਚ ਹੀ ਕਾਮਨਵੈਲਥ ਗੇਮਜ਼ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2018 ਦੀਆਂ ਗੋਲਡ ਕੋਸਟ ਕਾਮਨਵੈਲਥ ਗੇਮਜ਼ ਵਿੱਚ ਸੋਨ ਤਗ਼ਮਾ ਜਿੱਤਿਆ ਸੀ, ਫਿਰ ਸਾਲ 2022 ਦੀਆਂ ਬਰਮਿੰਘਮ ਕਾਮਨਵੈਲਥ ਗੇਮਜ਼ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ।
ਮੀਰਾਬਾਈ ਨੇ ਟੋਕਿਓ ਓਲੰਪਿਕਸ ਵਿੱਚ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ ਸੀ, ਜਿਸ ਨਾਲ ਉਹ ਅਜਿਹਾ ਇਤਿਹਾਸ ਰਚਣ ਵਾਲੇ ਪਹਿਲੇ ਭਾਰਤੀ ਬਣੇ ਸਨ।
ਦੋ ਵਾਰ ਜਿੱਤਿਆ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ਼ ਦਿ ਈਅਰ ਐਵਾਰਡ
ਵੇਟਲਿਫ਼ਟਰ ਮੀਰਾਬਾਈ ਚਾਨੂ ਨੇ ਸਾਲ 2022 ਦਾ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ਼ ਦਿ ਈਅਰ ਐਵਾਰਡ ਜਿੱਤਿਆ ਸੀ।
ਚਾਨੂ ਨੂੰ ਜਨਤਕ ਵੋਟਿੰਗ ਦੇ ਨਤੀਜੇ ਆਉਣ ਤੋਂ ਬਾਅਦ ਜੇਤੂ ਐਲਾਨਿਆ ਗਿਆ ਸੀ।
ਸਾਲ 2021 ਦਾ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ਼ ਦਿ ਈਅਰ ਐਵਾਰਡ ਵੀ ਉਨ੍ਹਾਂ ਨੇ ਹੀ ਜਿੱਤਿਆ ਸੀ।
ਮੀਰਾਬਾਈ ਚਾਨੂ ਨੇ ਕਿਹੜੇ-ਕਿਹੜੇ ਤਗ਼ਮੇ ਜਿੱਤੇ ਹਨ?
ਕਾਮਨਵੈਲਥ ਗੇਮਜ਼ 2014 - ਚਾਂਦੀ ਦਾ ਤਗ਼ਮਾ
ਵਿਸ਼ਵ ਚੈਂਪੀਅਨਸ਼ਿਪ 2017 - ਸੋਨ ਤਗ਼ਮਾ
ਕਾਮਨਵੈਲਥ ਗੇਮਜ਼ 2018 - ਸੋਨ ਤਗ਼ਮਾ
ਏਸ਼ੀਆਈ ਚੈਂਪੀਅਨਸ਼ਿਪ 2020 - ਕਾਂਸੀ ਦਾ ਤਗ਼ਮਾ
ਟੋਕਿਓ ਓਲੰਪਿਕ 2020 - ਚਾਂਦੀ ਦਾ ਤਗ਼ਮਾ
ਕਾਮਨਵੈਲਥ ਗੇਮਜ਼ 2022 - ਸੋਨ ਤਗ਼ਮਾ
ਵਿਸ਼ਵ ਚੈਂਪੀਅਨਸ਼ਿਪ 2022 - ਚਾਂਦੀ ਦਾ ਤਗ਼ਮਾ
ਵਿਸ਼ਵ ਚੈਂਪੀਅਨਸ਼ਿਪ 2025 - ਚਾਂਦੀ ਦਾ ਤਗ਼ਮਾ
ਕਾਮਨਵੈਲਥ ਗੇਮਜ਼ 2026 - ਸੋਨ ਤਗ਼ਮਾ
ਸਾਲ 2021 ਵਿੱਚ ਜਦੋਂ ਮੀਰਾਬਾਈ ਚਾਨੂ ਨੇ ਭਾਰਤ ਲਈ ਮੈਡਲ ਜਿੱਤਿਆ ਸੀ, ਉਸ ਵੇਲੇ ਬੀਬੀਸੀ ਦੇ ਸੀਨੀਅਰ ਪੱਤਰਕਾਰ ਵੰਦਨਾ ਨੇ ਉਨ੍ਹਾਂ ਬਾਰੇ ਇੱਕ ਰਿਪੋਰਟ ਲਿਖੀ ਸੀ, ਜਿਸ ਵਿੱਚ ਮੀਰਾਬਾਈ ਚਾਨੂ ਦੇ ਨਿੱਜੀ ਜੀਵਨ ਬਾਰੇ ਵੀ ਕੁੱਝ ਜਾਣਕਾਰੀ ਦਿੱਤੀ ਗਈ ਸੀ। ਇੱਥੇ ਅਸੀਂ ਉਸ ਰਿਪੋਰਟ ਦਾ ਇੱਕ ਹਿੱਸਾ ਹੂਬਹੂ ਸਾਂਝਾ ਕਰ ਰਹੇ ਹਾਂ।
ਮੀਰਾ ਦੀ ਜ਼ਿੱਦ ਅੱਗੇ ਮਾਂ ਬਾਪ ਨੂੰ ਵੀ ਹਾਰ ਮੰਨਣੀ ਪਈ
8 ਅਗਸਤ, 1994 ਨੂੰ ਜਨਮੇ ਅਤੇ ਮਣੀਪੁਰ ਦੇ ਛੋਟੇ ਜਿਹੇ ਪਿੰਡ ਵਿੱਚ ਪਲ਼ੇ ਮੀਰਾਬਾਈ ਬਚਪਨ ਤੋਂ ਹੀ ਕਾਫ਼ੀ ਹੁਨਰਮੰਦ ਸਨ। ਬੁਨਿਆਦੀ ਸਹੂਲਤਾਂ ਤੋਂ ਸੱਖਣਾ ਉਨ੍ਹਾਂ ਦਾ ਪਿੰਡ ਇੰਫਾਲ ਤੋਂ ਲਗਭਗ 200 ਕਿੱਲੋਮੀਟਰ ਦੂਰ ਸੀ।
ਉਨ੍ਹਾਂ ਦਿਨਾਂ ਵਿੱਚ ਮਨੀਪੁਰ ਦੇ ਹੀ ਮਹਿਲਾ ਵੇਟਲਿਫਟਰ ਕੁੰਜੁਰਾਣੀ ਦੇਵੀ ਸਟਾਰ ਸਨ ਅਤੇ ਉਨ੍ਹਾਂ ਨੇ ਏਥਨਜ਼ ਉਲੰਪਿਕ ਵਿੱਚ ਵੀ ਹਿੱਸਾ ਲਿਆ ਸੀ।
ਬਸ ਉਹੀ ਦ੍ਰਿਸ਼ ਛੋਟੀ ਜਿਹੀ ਮੀਰਾ ਦੇ ਮਨ ਵਿੱਚ ਵੱਸ ਗਿਆ ਅਤੇ ਆਪਣੇ ਛੇ ਭੈਣ ਭਰਾਵਾਂ ਵਿੱਚ ਸਭ ਤੋਂ ਛੋਟੀ ਮੀਰਾਬਾਈ ਨੇ ਵੇਟਲਿਫਟਰ ਬਣਨ ਦਾ ਇਰਾਦਾ ਬਣਾ ਲਿਆ।
ਮੀਰਾ ਦੀ ਜ਼ਿੱਦ ਅੱਗੇ ਮਾਂ ਬਾਪ ਨੂੰ ਵੀ ਹਾਰ ਮੰਨਣੀ ਪਈ। ਜਦੋਂ ਅਭਿਆਸ ਦੀ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਕੋਲ ਲੋਹੇ ਦਾ ਬਾਰ ਨਹੀਂ ਸੀ ਅਤੇ ਉਹ ਬਾਂਸ ਨਾਲ ਹੀ ਪ੍ਰੈਕਟਿਸ ਕਰਿਆ ਕਰਦੀ ਸਨ।
ਪਿੰਡ ਵਿੱਚ ਟ੍ਰੇਨਿੰਗ ਸੈਂਟਰ ਨਹੀਂ ਸੀ, ਤਾਂ 50-60 ਕਿਲੋਮੀਟਰ ਦੂਰ ਟ੍ਰੇਨਿੰਗ ਲਈ ਜਾਣਾ ਪੈਂਦਾ ਸੀ। ਭੋਜਨ ਵਿੱਚ ਹਰ ਰੋਜ਼ ਦੁੱਧ ਅਤੇ ਚਿਕਨ ਚਾਹੀਦਾ ਸੀ ਪਰ ਇੱਕ ਆਮ ਪਰਿਵਾਰ ਦੇ ਮੀਰਾ ਲਈ ਉਹ ਸੰਭਵ ਨਹੀਂ ਸੀ। ਮੀਰਾ ਨੇ ਇਨ੍ਹਾਂ ਹਾਲਾਤਾਂ ਨੂੰ ਕਦੇ ਰੁਕਾਵਟ ਨਹੀਂ ਬਣਨ ਦਿੱਤਾ।
ਮੀਰਾਬਾਈ ਚਾਨੂ ਨੇ ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ਼ ਦ ਈਅਰ ਐਵਾਰਡ ਲਈ ਦਿੱਤੇ ਇੰਟਰਵਿਊ ਵਿੱਚ ਦੱਸਿਆ ਸੀ, ''ਪਿੰਡ ਵਿੱਚ ਸਾਨੂੰ ਸਾਰਿਆਂ ਨੂੰ ਪਹਾੜੀ ਤੋਂ ਪਾਣੀ ਅਤੇ ਲੱਕੜ ਲਿਆਉਣੀ ਪੈਂਦੀ ਸੀ। ਮੇਰਾ ਭਰਾ ਕਈ ਚੱਕਰ ਲਗਾ ਕੇ ਸਮਾਨ ਢੋੋਅ ਕੇ ਲਿਆਉਂਦਾ ਸੀ, ਪਰ ਮੈਂ ਇੱਕੋ ਚੱਕਰ ਵਿੱਚ ਸਭ ਕੁਝ ਲੈ ਆਉਂਦੀ ਸੀ।''
''ਇੱਕ ਵਾਰ ਮੈਂ ਇੱਕ ਵੇਟਲਿਫ਼ਟਿੰਗ ਹਾਲ ਦੇਖਿਆ, ਜਿੱਥੇ ਹਰ ਕੋਈ ਅਭਿਆਸ ਕਰ ਰਿਹਾ ਸੀ ਅਤੇ ਚੀਕਾਂ ਮਾਰ ਰਿਹਾ ਸੀ। ਮੈਨੂੰ ਉਹ ਚੰਗਾ ਲੱਗਿਆ ਅਤੇ ਮੇਰੀ ਦਿਲਚਸਪੀ ਜਾਗ ਪਈ।''
ਉਹ ਵੇਲਾ ਜਦੋਂ ਮੀਰਾ ਨੂੰ ਗੇਮ ਵੀ ਛੱਡਣੀ ਪੈ ਸਕਦੀ ਸੀ
ਮੀਰਾ 11 ਸਾਲ ਦੀ ਉਮਰ ਵਿੱਚ ਅੰਡਰ-15 ਚੈਂਪੀਅਨ ਬਣ ਗਏ ਅਤੇ 17 ਸਾਲ ਦੀ ਉਮਰ ਵਿੱਚ ਜੂਨੀਅਰ ਚੈਂਪੀਅਨ।
ਜਿਸ ਕੁੰਜੁਰਾਣੀ ਨੂੰ ਦੇਖ ਕੇ ਮੀਰਾ ਦੇ ਮਨ ਵਿੱਚ ਚੈਂਪੀਅਨ ਬਣਨ ਦਾ ਸੁਪਨਾ ਜਾਗਿਆ ਸੀ, ਆਪਣੀ ਉਸੇ ਪ੍ਰੇਰਨਾ ਸਰੋਤ ਦਾ 12 ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਚਾਨੂ ਨੇ ਤੋੜਿਆ। ਚਾਨੂ ਨੇ 192 ਕਿਲੋਗ੍ਰਾਮ ਭਾਰ ਚੁੱਕਿਆ।
ਹਾਲਾਂਕਿ ਇਹ ਸਫ਼ਰ ਉਸ ਵੇਲੇ ਵੀ ਸੌਖਾ ਨਹੀਂ ਸੀ ਕਿਉਂਕਿ ਮੀਰਾ ਦੇ ਮਾਪਿਆਂ ਕੋਲ ਇੰਨੇ ਸਾਧਨ ਨਹੀਂ ਸਨ। ਨੌਬਤ ਇੱਥੋਂ ਤੱਕ ਆ ਗਈ ਸੀ ਕਿ ਜੇ ਉਨ੍ਹਾਂ ਨੇ ਰੀਓ ਓਲੰਪਿਕ ਲਈ ਕੁਆਲੀਫਾਈ ਨਹੀਂ ਕੀਤਾ ਤਾਂ ਗੇਮ ਵੀ ਛੱਡਣੀ ਪੈ ਸਕਦੀ ਸੀ, ਖੈਰ ਇਹ ਨੌਬਤ ਨਹੀਂ ਆਈ।
ਚਾਨੂ ਲਈ ਸਭ ਤੋਂ ਮਾੜੇ ਦਿਨਾਂ ਵਿੱਚੋਂ ਇੱਕ ਦਿਨ ਸਾਲ 2016 ਦੇ ਰਿਓ ਓਲੰਪਿਕ ਦਾ ਸੀ, ਜਦੋਂ ਉਨ੍ਹਾਂ ਦੇ ਨਾਮ ਦੇ ਅੱਗੇ 'ਡਿਡ ਨਾਟ ਫਿਨਿਸ਼' ਲਿਖਿਆ ਹੋਇਆ ਸੀ।
ਜਿੰਨਾ ਭਾਰ ਮੀਰਾ ਰੋਜ਼ਾਨਾ ਅਭਿਆਸ ਵਿੱਚ ਆਸਾਨੀ ਨਾਲ ਚੁੱਕ ਲੈਂਦੇ ਸਨ, ਉਸ ਦਿਨ ਓਲੰਪਿਕ ਵਿੱਚ ਜਿਵੇਂ ਉਨ੍ਹਾਂ ਦੇ ਹੱਥ ਬਰਫ਼ ਵਾਂਗ ਜੰਮ ਗਏ ਸਨ। ਉਸ ਵੇਲੇ ਭਾਰਤ ਵਿੱਚ ਰਾਤ ਸੀ, ਇਸ ਲਈ ਬਹੁਤ ਘੱਟ ਭਾਰਤੀਆਂ ਨੇ ਉਹ ਨਜ਼ਾਰਾ ਦੇਖਿਆ ਸੀ।
ਸਵੇਰੇ ਉੱਠ ਕੇ ਜਦੋਂ ਭਾਰਤ ਦੇ ਖੇਡ ਪ੍ਰੇਮੀਆਂ ਨੇ ਖ਼ਬਰਾਂ ਪੜ੍ਹੀਆਂ ਤਾਂ ਮੀਰਾਬਾਈ ਰਾਤੋਂ-ਰਾਤ ਭਾਰਤੀ ਪ੍ਰਸ਼ੰਸਕਾਂ ਦੀ ਨਜ਼ਰ ਵਿੱਚ ਵਿਲੇਨ ਬਣ ਗਏ।
ਇਸ ਦਾ ਅਜਿਹਾ ਅਸਰ ਹੋਇਆ ਕਿ ਮੀਰਾਬਾਈ ਚਾਨੂ ਡਿਪ੍ਰੈਸ਼ਨ ਵਿੱਚ ਚਲੇ ਗਏ ਅਤੇ ਉਨ੍ਹਾਂ ਨੂੰ ਮਨੋਵਿਗਿਆਨੀ ਦੀ ਮਦਦ ਲੈਣੀ ਪਈ।
ਇਸ ਤੋਂ ਬਾਅਦ ਮੀਰਾਬਾਈ ਚਾਨੂ ਨੇ ਖੇਡ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਸੀ, ਪਰ ਫਿਰ ਉਨ੍ਹਾਂ ਨੇ ਆਖ਼ਰ ਤੱਕ ਹਾਰ ਨਹੀਂ ਮੰਨੀ ਅਤੇ 2017 ਵਿੱਚ ਹੋਈ ਵਰਲਡ ਵੇਟਲਿਫ਼ਟਿੰਗ ਚੈਂਪੀਅਨਸ਼ਿਪ ਵਿੱਚ 194 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਗ਼ਮਾ ਜਿੱਤਿਆ।
ਚਾਨੂ 22 ਸਾਲਾਂ ਵਿੱਚ ਅਜਿਹਾ ਕਰਨ ਵਾਲੇ ਪਹਿਲੀ ਭਾਰਤੀ ਬਣ ਗਏ ਸਨ।
ਵੈਸੇ ਵੇਟਲਿਫਟਿੰਗ ਤੋਂ ਇਲਾਵਾ ਮੀਰਾ ਨੂੰ ਨੱਚਣ ਦਾ ਵੀ ਸ਼ੌਂਕ ਹੈ।
ਬੀਬੀਸੀ ਨੂੰ ਦਿੱਤੇ ਗਏ ਇੱਕ ਇੰਟਰਵਿਊ ਵਿਚ ਉਨ੍ਹਾਂ ਨੇ ਦੱਸਿਆ ਸੀ, "ਮੈਂ ਕਦੇ-ਕਦੇ ਟ੍ਰੇਨਿੰਗ ਤੋਂ ਬਾਅਦ ਕੈਮਰਾ ਬੰਦ ਕਰ ਕੇ ਡਾਂਸ ਕਰਦੀ ਹਾਂ ਅਤੇ ਮੈਨੂੰ ਸਲਮਾਨ ਖ਼ਾਨ ਪਸੰਦ ਹਨ।"
ਦਿੱਲੀ ਵਿੱਚ ਕਰਵਾਏ ਗਏ ਇੱਕ ਸਮਾਰੋਹ ਵਿੱਚ ਪੁਰਸਕਾਰ ਪ੍ਰਾਪਤ ਕਰਨ ਮੌਕੇ ਚਾਨੂ ਨੇ ਕਿਹਾ ਸੀ, "ਸਾਨੂੰ ਸੋਚ ਬਦਲਣ ਦੀ ਲੋੜ ਹੈ। ਅਜਿਹਾ ਬਿਲਕੁੱਲ ਨਹੀਂ ਹੈ ਕਿ ਜੇ ਕੁੜੀਆਂ ਖੇਡਣਗੀਆਂ ਤਾਂ ਉਨ੍ਹਾਂ ਦੇ ਸਰੀਰ ਵਿੱਚ ਕੁਝ ਬਦਲਾਅ ਆਵੇਗਾ। ਸਾਨੂੰ ਇਸ ਡਰ ਨੂੰ ਪਿੱਛੇ ਛੱਡਣ ਦੀ ਲੋੜ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ