92 ਸਾਲ ਦੀ ਉਮਰ 'ਚ ਗੱਡੀ ਚਲਾ ਕੇ ਹਸਪਤਾਲ ਜਾਣਾ, ਸੀ-ਸੈਕਸ਼ਨ ਵਰਗੀਆਂ ਸਰਜਰੀਆਂ ਕਰਨਾ... ਮਿਲੋ ਹਿੰਮਤ ਤੇ ਜਜ਼ਬੇ ਨਾਲ ਭਰੀ ਡਾਕਟਰ ਨੂੰ

    • ਲੇਖਕ, ਬਾਲਾ ਸਤੀਸ਼
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਜ਼ਰਾ ਯਾਦ ਕਰੋ... ਤੁਸੀਂ ਹੁਣ ਤੱਕ ਕਿਹੜੇ ਸਭ ਤੋਂ ਤਜਰਬੇਕਾਰ ਡਾਕਟਰ ਨੂੰ ਮਿਲੇ ਹੋ? ਜਿਵੇਂ ਕੋਈ 30 ਸਾਲ ਦੇ ਤਜਰਬੇ ਵਾਲੇ ਜਾਂ 40 ਜਾਂ 50 ਸਾਲ ਦੇ ਤਜਰਬੇ ਵਾਲੇ ਡਾਕਟਰ? ਪਰ ਕੀ ਤੁਸੀਂ ਕਦੇ ਕਿਸੇ ਅਜਿਹੇ ਡਾਕਟਰ ਨੂੰ ਮਿਲੇ ਹੋ, ਜਿਨ੍ਹਾਂ ਕੋਲ ਲਗਭਗ 70 ਸਾਲ ਦਾ ਤਜਰਬਾ ਹੋਵੇ?

70 ਸਾਲ ਕੋਈ ਮਾਮੂਲੀ ਸਮਾਂ ਨਹੀਂ ਹੁੰਦਾ। ਕੀ ਤੁਸੀਂ ਕਿਸੇ ਅਜਿਹੇ ਡਾਕਟਰ ਨੂੰ ਜਾਣਦੇ ਹੋ ਜੋ ਐੱਮਬੀਬੀਐੱਸ ਪਾਸ ਕਰਨ ਤੋਂ ਬਾਅਦ... 68 ਸਾਲ ਤੋਂ ਵੀ ਵੱਧ ਸਮੇਂ ਤੋਂ ਪ੍ਰੈਕਟਿਸ ਕਰ ਰਹੇ ਹੋਣ?

ਮੈਨੂੰ ਅਜਿਹੇ ਹੀ ਇੱਕ ਮਹਿਲਾ ਡਾਕਟਰ ਮਿਲੇ...

ਹੈਦਰਾਬਾਦ ਦੇ ਇਹ ਮਹਿਲਾ ਡਾਕਟਰ 92 ਸਾਲ ਦੀ ਉਮਰ ਦੇ ਹੋ ਚੁੱਕੇ ਹਨ ਅਤੇ ਉਹ ਅੱਜ ਵੀ ਆਪ੍ਰੇਸ਼ਨ ਕਰਦੇ ਹਨ।

ਡਾਕਟਰ ਸਮ੍ਰਿਤੀ ਸੂਰੀ, ਜਿਨ੍ਹਾਂ ਨੇ 1958 ਵਿੱਚ ਐੱਮਬੀਬੀਐੱਸ ਪਾਸ ਕੀਤੀ ਸੀ, ਅੱਜ ਵੀ ਰੋਜ਼ ਮਰੀਜ਼ਾਂ ਨੂੰ ਦੇਖਦੇ ਹਨ ਅਤੇ ਕਦੇ-ਕਦੇ ਸੀ-ਸੈਕਸ਼ਨ ਆਪ੍ਰੇਸ਼ਨ ਵੀ ਕਰਦੇ ਹਨ। ਉਹ ਨੌਜਵਾਨ ਡਾਕਟਰਾਂ ਵਾਂਗ ਹੀ ਉਸੇ ਕੁਸ਼ਲਤਾ ਅਤੇ ਬਿਹਤਰੀਨ ਢੰਗ ਨਾਲ ਮੈਡੀਕਲ ਸੇਵਾਵਾਂ ਦਿੰਦੇ ਹੈ।

ਜਿਸ ਉਮਰ 'ਚ ਬਹੁਤੇ ਲੋਕਾਂ ਲਈ ਤੁਰਨਾ-ਫਿਰਨਾ ਵੀ ਔਖਾ ਹੋ ਜਾਂਦਾ ਹੈ, ਉਸ 90 ਸਾਲ ਤੋਂ ਵੱਧ ਦੀ ਉਮਰ 'ਚ ਡਾਕਟਰ ਸਮ੍ਰਿਤੀ ਸੂਰੀ ਨਾ ਸਿਰਫ਼ ਸਟੈਥੋਸਕੋਪ ਨਾਲ ਮਰੀਜ਼ਾਂ ਨੂੰ ਜਾਂਚਦੇ ਹਨ ਸਗੋਂ ਆਪ੍ਰੇਸ਼ਨ ਵੀ ਕਰਦੇ ਹਨ।

ਉਹ ਅੱਜ ਵੀ ਆਪਣੀ ਕਾਰ ਖੁਦ ਚਲਾ ਕੇ ਹਸਪਤਾਲ ਜਾਂਦੇ ਹਨ। 92 ਸਾਲ ਦੀ ਉਮਰ ਵਿੱਚ ਵੀ ਡਾਕਟਰ ਸੂਰੀ ਦੀ ਯਾਦ ਸ਼ਕਤੀ ਕਮਜ਼ੋਰ ਨਹੀਂ ਹੋਈ ਹੈ ਅਤੇ ਉਨ੍ਹਾਂ ਦੇ ਹੱਥ ਵੀ ਨਹੀਂ ਕੰਬਦੇ।

ਜਦੋਂ ਮੈਂ ਉਨ੍ਹਾਂ ਤੋਂ ਪੁੱਛਿਆ ਕਿ ਕੀ ਆਪ੍ਰੇਸ਼ਨ ਕਰਦੇ ਸਮੇਂ ਉਨ੍ਹਾਂ ਦੇ ਹੱਥ ਕੰਬਦੇ ਹਨ।

ਉਨ੍ਹਾਂ ਕਿਹਾ, "ਨਹੀਂ ਕੰਬਦੇ।" ਉਨ੍ਹਾਂ ਨੇ ਇਹ ਵੀ ਕਿਹਾ, "ਇਹ ਰਹੇ ਮੇਰੇ ਹੱਥ, ਤੁਸੀਂ ਖੁਦ ਦੇਖ ਲਓ..." ਅਤੇ ਉਨ੍ਹਾਂ ਨੇ ਆਪਣੇ ਹੱਥ ਦਿਖਾਏ। ਉਨ੍ਹਾਂ ਨੇ ਕਿਹਾ ਕਿ ਉਹ ਵੀ ਦਵਾਈਆਂ ਦੇ ਨਾਮ ਉਸੇ ਤਰ੍ਹਾਂ ਯਾਦ ਰੱਖਦੇ ਹਨ, ਜਿਵੇਂ ਬਾਕੀ ਸਾਰੇ ਡਾਕਟਰ ਰੱਖਦੇ ਹਨ।

ਇੱਕੋ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੀਆਂ ਮਹਿਲਾਵਾਂ ਦਾ ਇਲਾਜ ਕਰਨ ਵਾਲੀ ਡਾਕਟਰ

ਉਨ੍ਹਾਂ ਦੀ ਸਾਥੀ ਡਾਕਟਰ ਰਜਨੀ ਕੁਮਾਰੀ ਨੇ ਬੀਬੀਸੀ ਨੂੰ ਡਾਕਟਰ ਸਮ੍ਰਿਤੀ ਸੂਰੀ ਬਾਰੇ ਦੱਸਿਆ ਕਿ "ਉਨ੍ਹਾਂ ਦੇ ਹੱਥ ਬਿਲਕੁਲ ਨਹੀਂ ਕੰਬਦੇ। ਸਾਡੇ ਹੱਥ ਸ਼ਾਇਦ ਕੰਬ ਜਾਣ, ਪਰ... ਉਹ ਯੋਗ ਅਤੇ ਧਿਆਨ ਕਰਦੇ ਹਨ। ਚੰਗਾ ਅਨੁਸ਼ਾਸਨ, ਪੇਸ਼ੇ ਪ੍ਰਤੀ ਸਮਰਪਣ, ਕੋਈ ਤਣਾਅ ਨਹੀਂ ਅਤੇ ਨਿਯਮਿਤ ਯੋਗ। ਨਾਲ ਹੀ ਖਾਣ-ਪੀਣ ਦਾ ਵੀ ਧਿਆਨ ਰੱਖਦੇ ਹਨ। ਉਹ ਬਿਨ੍ਹਾਂ ਸੁੱਤੇ ਵੀ ਕੰਮ ਕਰ ਸਕਦੇ ਹਨ।"

ਡਾਕਟਰ ਸਮ੍ਰਿਤੀ ਦੇ ਮਰੀਜ਼ਾਂ ਵਿੱਚ ਅਜਿਹੀਆਂ ਮਹਿਲਾਵਾਂ ਵੀ ਸ਼ਾਮਲ ਹਨ, ਜਿਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਦਾ ਇਲਾਜ ਉਨ੍ਹਾਂ ਨੇ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਇੱਕੋ ਪਰਿਵਾਰ ਨਾਲ ਸਬੰਧਤ ਦਾਦੀ, ਮਾਂ ਅਤੇ ਧੀ - ਤਿੰਨਾਂ ਦਾ ਇਲਾਜ ਕੀਤਾ ਹੈ। ਡਾਕਟਰ ਸਮ੍ਰਿਤੀ ਕਹਿੰਦੇ ਹਨ, "ਬਹੁਤ ਸਾਰੇ ਲੋਕ ਮੈਨੂੰ ਆਪਣੇ ਬਚਪਨ ਦੀਆਂ ਤਸਵੀਰਾਂ ਦਿਖਾਉਂਦੇ ਹਨ ਅਤੇ ਕਹਿੰਦੇ ਹਨ ਕਿ ਮੇਰੀ ਡਿਲਿਵਰੀ ਤੁਸੀਂ ਹੀ ਕਰਵਾਈ ਸੀ।"

ਤੁਲਸੀ, ਜਿਨ੍ਹਾਂ ਦੀ ਡਿਲਿਵਰੀ ਉਨ੍ਹਾਂ ਨੇ ਹੀ ਕਰਵਾਈ ਸੀ, ਨੇ ਬੀਬੀਸੀ ਨੂੰ ਦੱਸਿਆ, "ਉਹ ਆਰਾਮ ਨਾਲ ਗੱਲ ਸੁਣਦੇ ਹਨ। 24 ਘੰਟੇ 'ਚ ਕਦੇ ਵੀ ਫੋਨ ਕਰੋ, ਉਹ ਚੁੱਕਦੇ ਹਨ। ਜਦੋਂ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਦੇਖਿਆ ਤਾਂ ਮੈਂ ਥੋੜ੍ਹੀ ਡਰ ਗਈ ਸੀ। ਉਹ ਇੰਨੇ ਉਮਰਦਰਾਜ਼ ਡਾਕਟਰ ਹਨ। ਮੈਨੂੰ ਡਰ ਸੀ ਕਿ ਕੀ ਉਹ ਠੀਕ ਢੰਗ ਨਾਲ ਸੀ-ਸੈਕਸ਼ਨ ਆਪ੍ਰੇਸ਼ਨ ਕਰ ਵੀ ਸਕਣਗੇ।"

"ਪਰ, ਉਨ੍ਹਾਂ ਨੂੰ ਨਿਯਮਿਤ ਤੌਰ 'ਤੇ ਮਿਲਣ, ਮਰੀਜ਼ਾਂ ਦੇ ਰਿਵਿਊ ਦੇਖਣ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਦੇਖਣ ਤੋਂ ਬਾਅਦ ਮੇਰਾ ਭਰੋਸਾ ਵਧ ਗਿਆ। ਸਰਜਰੀ ਵਿੱਚ ਉਨ੍ਹਾਂ ਨਾਲ ਅਸਿਸਟੈਂਟ ਹੁੰਦੇ ਹਨ, ਪਰ ਮੁੱਖ ਭੂਮਿਕਾ ਉਨ੍ਹਾਂ ਦੀ ਹੀ ਹੁੰਦੀ ਹੈ। ਜਦੋਂ ਮੇਰੀ ਤੀਜੀ ਡਿਲਿਵਰੀ ਐਮਰਜੈਂਸੀ ਵਿੱਚ ਹੋਈ, ਤਾਂ ਉਨ੍ਹਾਂ ਨੇ ਚਾਹ ਤੱਕ ਨਹੀਂ ਪੀਤੀ ਅਤੇ ਸਭ ਕੁਝ ਹੋ ਜਾਣ ਤੋਂ ਬਾਅਦ ਹੀ ਖਾਣਾ ਖਾਧਾ।''

ਆਪਣੇ ਆਪ ਨੂੰ ਪੂਰੀ ਤਰ੍ਹਾਂ ਅਪਡੇਟ ਰੱਖਦੇ ਹਨ ਡਾਕਟਰ ਸਮ੍ਰਿਤੀ

ਮੈਡੀਕਲ ਸਾਇੰਸ ਤੇਜ਼ੀ ਨਾਲ ਬਦਲਣ ਵਾਲਾ ਖੇਤਰ ਹੈ। ਹਰ ਸਮੇਂ ਨਵੀਆਂ ਦਵਾਈਆਂ, ਨਵੀਂ ਰਿਸਰਚ ਅਤੇ ਨਵੇਂ ਟੈਸਟ ਸਾਹਮਣੇ ਆਉਂਦੇ ਰਹਿੰਦੇ ਹਨ। ਡਾਕਟਰ ਸੂਰੀ ਕਹਿੰਦੇ ਹਨ ਕਿ ਉਹ ਇਸ ਮਾਮਲੇ ਵਿੱਚ ਆਪਣੇ ਆਪ ਨੂੰ ਲਗਾਤਾਰ ਅਪਡੇਟ ਕਰਦੇ ਰਹਿੰਦੇ ਹਨ।

ਉਨ੍ਹਾਂ ਕਿਹਾ, "ਮੈਂ ਕਾਨਫਰੰਸਾਂ ਵਿੱਚ ਜਾਂਦੀ ਹਾਂ। ਮੈਂ ਮੀਟਿੰਗਾਂ ਵਿੱਚ ਜਾਂਦੀ ਹਾਂ। ਮੈਂ ਲਿਟਰੇਚਰ ਅਤੇ ਜਰਨਲ ਪੜ੍ਹਦੀ ਹਾਂ। ਮੈਡੀਕਲ ਰਿਪ੍ਰਜ਼ੈਂਟੇਟਿਵ ਨਵੀਆਂ ਦਵਾਈਆਂ ਬਾਰੇ ਦੱਸਦੇ ਹਨ। ਮੈਂ ਤਾਜ਼ਾ ਵਿਕਾਸ/ਤਰੱਕੀ ਬਾਰੇ ਸਿੱਖਦੀ ਹਾਂ।"

ਉਨ੍ਹਾਂ ਨਾਲ ਸਰਜਰੀ ਦੌਰਾਨ ਨਾਲ ਰਹਿਣ ਵਾਲੇ ਸਾਥੀ ਡਾਕਟਰ ਅਤੇ ਗਾਇਨੇਕੋਲੋਜਿਸਟ ਡਾਕਟਰ ਰਜਨੀ ਕੁਮਾਰੀ ਨੇ ਦੱਸਿਆ, "ਮੈਡਮ ਦੀ ਚੰਗੀ ਗੱਲ ਇਹ ਹੈ ਕਿ ਉਹ ਅੱਜ ਵੀ ਇਸ ਵਿਸ਼ੇ ਵਿੱਚ ਹੋ ਰਹੀ ਤਰੱਕੀ ਬਾਰੇ ਸਿੱਖਦੇ ਰਹਿੰਦੇ ਹਨ। ਜਦੋਂ ਕੋਈ ਨਵੀਂ ਤਕਨੀਕ ਆਉਂਦੀ ਹੈ, ਤਾਂ ਉਹ ਉਸ ਨੂੰ ਸਿੱਖਦੇ ਹਨ।"

ਉਨ੍ਹਾਂ ਨੇ ਯਾਦ ਕਰਦੇ ਹੋਏ ਕਿਹਾ, "ਉਹ ਹਰ ਕਿਸੇ ਨੂੰ ਪੂਰਾ ਸਮਾਂ ਦਿੰਦੇ ਹਨ। ਉਹ ਸਾਰੇ ਸਵਾਲਾਂ ਦੇ ਜਵਾਬ ਧੀਰਜ ਨਾਲ ਦਿੰਦੇ ਹੈ। ਉਹ ਕੋਈ ਸ਼ਿਕਾਇਤ ਨਹੀਂ ਕਰਦੇ।"

ਸਰਕਾਰੀ ਡਾਕਟਰ ਵਜੋਂ ਵੀ ਕੀਤਾ ਕੰਮ

ਡਾਕਟਰ ਸਮ੍ਰਿਤੀ ਨੇ 1958 ਵਿੱਚ ਉਸਮਾਨੀਆ ਯੂਨੀਵਰਸਿਟੀ ਤੋਂ ਐੱਮਬੀਬੀਐੱਸ ਕੀਤੀ ਸੀ। (ਉਸ ਸਮੇਂ ਉਸਮਾਨੀਆ ਯੂਨੀਵਰਸਿਟੀ ਮੈਡੀਕਲ ਡਿਗਰੀ ਦਿੰਦੀ ਸੀ।) ਬਾਅਦ ਵਿੱਚ ਉਨ੍ਹਾਂ ਨੇ ਕੁਝ ਸਮੇਂ ਤੱਕ ਸਰਕਾਰੀ ਡਾਕਟਰ ਵਜੋਂ ਕੰਮ ਕੀਤਾ ਅਤੇ ਗਾਇਨੇਕੋਲੋਜੀ ਵਿੱਚ ਐੱਮਡੀ ਕੀਤੀ। ਉਨ੍ਹਾਂ ਨੇ ਲੰਬੇ ਸਮੇਂ ਤੱਕ ਹੈਦਰਾਬਾਦ ਵਿੱਚ ਕੰਮ ਕੀਤਾ।

ਉਨ੍ਹਾਂ ਦੱਸਿਆ, "ਮੈਂ ਸਰਕਾਰੀ ਮੈਟਰਨਿਟੀ ਹਸਪਤਾਲ, ਗਾਂਧੀ ਹਸਪਤਾਲ ਅਤੇ ਨਿਲੋਫਰ ਹਸਪਤਾਲ ਵਿੱਚ ਕੰਮ ਕੀਤਾ। ਮੈਂ ਨਿਜ਼ਾਮਾਬਾਦ, ਕਰਨੂਲ ਅਤੇ ਕਰੀਮਨਗਰ ਦੇ ਹਸਪਤਾਲਾਂ ਵਿੱਚ ਵੀ ਕੰਮ ਕੀਤਾ ਅਤੇ ਆਖ਼ਿਰ ਵਿੱਚ ਦੱਸ ਸਾਲ ਤੋਂ ਵੱਧ ਸਮੇਂ ਤੱਕ ਨਿਲੋਫਰ ਹਸਪਤਾਲ ਵਿੱਚ ਕੰਮ ਕਰਨ ਤੋਂ ਬਾਅਦ ਉੱਥੋਂ ਹੀ ਰਿਟਾਇਰ ਹੋਈ।"

ਉਨ੍ਹਾਂ ਨੇ ਉਸਮਾਨੀਆ, ਗਾਂਧੀ ਅਤੇ ਕਰਨੂਲ ਮੈਡੀਕਲ ਕਾਲਜਾਂ ਵਿੱਚ ਪ੍ਰੋਫੈਸਰ ਵਜੋਂ ਵੀ ਪੜ੍ਹਾਇਆ।

ਉਨ੍ਹਾਂ ਦੱਸਿਆ, "ਜਦੋਂ ਮੈਂ ਆਪਣੀ ਐੱਮਬੀਬੀਐੱਸ ਪੂਰੀ ਕੀਤੀ ਅਤੇ ਸੰਗਾਰੇੱਡੀ ਦੇ ਇੱਕ ਹਸਪਤਾਲ ਵਿੱਚ ਡਾਕਟਰ ਵਜੋਂ ਕੰਮ ਸ਼ੁਰੂ ਕੀਤਾ, ਤਾਂ ਮੇਰਾ ਪਹਿਲਾ ਕੇਸ 13-14 ਸਾਲ ਦੀ ਇੱਕ ਕੁੜੀ ਦਾ ਸੀ। ਉਸ ਦੀ ਮਾਂ ਉਸ ਨੂੰ ਇਹ ਦੇਖਣ ਲਈ ਲੈ ਕੇ ਆਈ ਸੀ ਕਿ ਕਿਤੇ ਉਹ ਗਰਭਵਤੀ ਤਾਂ ਨਹੀਂ ਹੈ। ਮੈਂ ਟੈਸਟ ਕੀਤਾ ਅਤੇ ਹੈਰਾਨ ਰਹਿ ਗਈ। ਬੱਚਾ ਪਹਿਲਾਂ ਹੀ 8 ਮਹੀਨੇ ਦਾ ਸੀ। ਉਹ ਮੇਰਾ ਪਹਿਲਾ ਕੇਸ ਸੀ।"

"ਮੈਂ ਐਨੇਸਥੀਸੀਆ ਦਿੱਤਾ ਅਤੇ ਸੀ-ਸੈਕਸ਼ਨ ਕੀਤਾ। ਮੈਂ ਹੀ ਸਰਜਨ ਸੀ, ਮੈਂ ਹੀ ਐਨੇਸਥੀਸਿਓਲੋਜਿਸਟ ਸੀ ਅਤੇ ਮੈਂ ਹੀ ਪੀਡੀਆਟ੍ਰੀਸ਼ੀਅਨ ਵੀ ਸੀ। ਕਿਉਂਕਿ ਉਸ ਹਸਪਤਾਲ ਵਿੱਚ ਕੋਈ ਹੋਰ ਡਾਕਟਰ ਨਹੀਂ ਸੀ। ਉੱਥੇ ਹਾਊਸ ਸਰਜਰੀ ਦਾ ਮੇਰਾ ਤਜਰਬਾ ਕੰਮ ਆਇਆ।"

ਹੁਣ ਉਹ ਹੈਦਰਾਬਾਦ ਵਿੱਚ ਆਪਣੇ ਘਰ ਤੋਂ ਹੀ ਪ੍ਰੈਕਟਿਸ ਕਰਦੇ ਹਨ। ਇਸ ਵੇਲੇ ਉਹ ਹਰ ਓਪੀ (ਆਊਟਪੇਸ਼ੈਂਟ ਕਨਸਲਟੇਸ਼ਨ) ਲਈ 300 ਰੁਪਏ ਫੀਸ ਲੈਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਲੋਕ ਫੀਸ ਨਹੀਂ ਦੇ ਸਕਦੇ, ਉਨ੍ਹਾਂ ਤੋਂ ਉਹ ਪੈਸੇ ਨਹੀਂ ਲੈਂਦੇ। ਡਾਕਟਰ ਸਮ੍ਰਿਤੀ ਨੇ ਕਿਹਾ, "ਇਹ ਕਮਾਈ ਦੀ ਗੱਲ ਨਹੀਂ ਹੈ। ਮੈਂ ਜੋ ਵੀ ਕਮਾਇਆ, ਉਹ ਸੰਤੁਸ਼ਟੀ ਨਾਲ ਅਤੇ ਕਿਸੇ ਨੂੰ ਦੁੱਖ ਪਹੁੰਚਾਏ ਬਿਨ੍ਹਾਂ ਕਮਾਇਆ। ਮੈਨੂੰ ਇਸ ਗੱਲ ਦੀ ਸੰਤੁਸ਼ਟੀ ਹੈ।"

ਹਾਲਾਂਕਿ, ਡਾਕਟਰ ਸਮ੍ਰਿਤੀ ਨੇ ਹੌਲੀ-ਹੌਲੀ ਸੀ-ਸੈਕਸ਼ਨ ਆਪ੍ਰੇਸ਼ਨ ਦੀ ਗਿਣਤੀ ਘਟਾ ਦਿੱਤੀ ਹੈ। ਹੁਣ ਉਹ ਮਹੀਨੇ ਵਿੱਚ ਸਿਰਫ਼ ਇੱਕ ਤੋਂ ਤਿੰਨ ਜਾਂ ਚਾਰ ਆਪ੍ਰੇਸ਼ਨ ਹੀ ਕਰਦੇ ਹਨ। ਅੱਜਕੱਲ੍ਹ, ਜਦੋਂ ਡਾਕਟਰ ਸਮ੍ਰਿਤੀ ਸੀ-ਸੈਕਸ਼ਨ ਕਰਦੇ ਹਨ, ਤਾਂ ਉਹ ਅਸਿਸਟੈਂਟ ਡਾਕਟਰ ਵਜੋਂ ਇੱਕ ਹੋਰ ਗਾਇਨੇਕੋਲੋਜਿਸਟ ਨੂੰ ਆਪਣੇ ਨਾਲ ਰੱਖਦੇ ਹਨ। ਮੁੱਖ ਸਰਜਰੀ ਦੀ ਪ੍ਰਕਿਰਿਆ ਡਾਕਟਰ ਸਮ੍ਰਿਤੀ ਹੀ ਕਰਦੇ ਹਨ।

ਡਾਕਟਰ ਰਜਨੀ ਕੁਮਾਰੀ, ਜਿਨ੍ਹਾਂ ਨੇ 1988-91 ਦੇ ਦਰਮਿਆਨ ਉਸਮਾਨੀਆ ਮੈਡੀਕਲ ਕਾਲਜ ਤੋਂ ਗਾਇਨੇਕੋਲੋਜੀ ਵਿੱਚ ਐਮਡੀ ਕੀਤੀ ਸੀ, ਪ੍ਰਾਈਵੇਟ ਪ੍ਰੈਕਟਿਸ ਕਰਦੇ ਹਨ ਅਤੇ ਡਾਕਟਰ ਸਮ੍ਰਿਤੀ ਦੇ ਕੇਸਾਂ ਵਿੱਚ ਉਨ੍ਹਾਂ ਦੀ ਮਦਦ ਵੀ ਕਰਦੇ ਹਨ।

ਡਾਕਟਰ ਰਜਨੀ ਕੁਮਾਰੀ ਨੇ ਬੀਬੀਸੀ ਨੂੰ ਦੱਸਿਆ, "ਮੈਂ 1986 ਵਿੱਚ ਸੀਨੀਅਰ ਹਾਊਸ ਸਰਜਨ ਵਜੋਂ ਮੈਡਮ ਨਾਲ ਜੁੜੀ ਸੀ। ਉਦੋਂ ਤੋਂ ਮੈਂ ਮੈਡਮ ਦੇ ਨਾਲ ਹਾਂ। ਉਹੀ ਮੇਰੀ ਟੀਚਰ ਹਨ ਜਿਨ੍ਹਾਂ ਨੇ ਮੈਨੂੰ ਸਰਜਰੀ ਸਿਖਾਈ। ਵੱਡੇ ਹਸਪਤਾਲਾਂ ਵਿੱਚ ਮੇਰਾ ਕਿੰਨਾ ਵੀ ਕੰਮ ਜਾਂ ਮੰਗ ਕਿਉਂ ਨਾ ਹੋਵੇ, ਮੈਂ ਹਮੇਸ਼ਾ ਮੈਡਮ ਦੇ ਕੇਸਾਂ ਨੂੰ ਪਹਿਲੀ ਤਰਜੀਹ ਦਿਆਂਗੀ। ਇਹ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਉਹ ਹਨ ਅਤੇ ਜਦੋਂ ਤੱਕ ਮੈਂ ਹਾਂ।"

ਜਦੋਂ ਡਾਕਟਰ ਸਮ੍ਰਿਤੀ ਤੋਂ ਪੁੱਛਿਆ ਗਿਆ ਕਿ ਅੱਜ ਆਪ੍ਰੇਸ਼ਨ ਦੇ ਤਰੀਕਿਆਂ ਵਿੱਚ ਕੀ ਬਦਲਾਅ ਆਏ ਹਨ, ਜਦਕਿ ਉਨ੍ਹਾਂ ਨੇ ਸੱਤ ਦਹਾਕੇ ਪਹਿਲਾਂ ਪਹਿਲੀ ਵਾਰ ਬਲੇਡ ਹੱਥ ਵਿੱਚ ਫੜ੍ਹਿਆ ਸੀ, ਤਾਂ ਉਨ੍ਹਾਂ ਨੇ ਜਵਾਬ ਦਿੱਤਾ, "ਆਪ੍ਰੇਸ਼ਨ ਦੀ ਤਕਨੀਕ, ਟਾਂਕੇ ਲਗਾਉਣ ਦਾ ਸਮਾਨ ਅਤੇ ਐਨੇਸਥੀਸੀਆ, ਸਭ ਕੁਝ ਬਹੁਤ ਬਦਲ ਗਿਆ ਹੈ। ਮੈਂ ਵੀ ਆਪਣੇ ਆਪ ਨੂੰ ਉਨ੍ਹਾਂ ਦੇ ਮੁਤਾਬਕ ਢਾਲਿਆ ਹੈ ਅਤੇ ਉਨ੍ਹਾਂ ਨੂੰ ਸਿੱਖਿਆ ਹੈ।"

ਉਨ੍ਹਾਂ ਨੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਮੈਡੀਕਲ ਖੇਤਰ ਵਿੱਚ ਆਏ ਬਦਲਾਵਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ, "ਪਹਿਲਾਂ ਮਰੀਜ਼ ਡਾਕਟਰ ਕੋਲ ਸ਼ਰਧਾ-ਭਾਵ ਨਾਲ ਆਉਂਦੇ ਸਨ। ਹੁਣ, ਮੇਰੀ ਰਾਇ ਵਿੱਚ ਉਹ ਮੰਗ ਕਰਨ ਵਾਲੇ ਅੰਦਾਜ਼ ਵਿੱਚ ਆਉਂਦੇ ਹਨ। ਇਹ ਸਿਰਫ਼ ਮੇਰੇ ਬਾਰੇ ਨਹੀਂ ਹੈ, ਆਮ ਤੌਰ 'ਤੇ ਅਜਿਹਾ ਹੀ ਲੱਗਦਾ ਹੈ।"

ਡਾਕਟਰ ਰਜਨੀ ਕੁਮਾਰੀ ਨੇ ਕਿਹਾ, "ਬਹੁਤ ਸਾਰੇ ਮਰੀਜ਼ ਉਨ੍ਹਾਂ 'ਤੇ ਭਰੋਸਾ ਕਰਦੇ ਹਨ। ਉਨ੍ਹਾਂ ਨੇ ਉਨ੍ਹਾਂ ਦਿਨਾਂ ਵਿੱਚ ਬਹੁਤ ਕੰਮ ਕੀਤਾ, ਜਦੋਂ ਕੋਈ ਸਹੂਲਤਾਂ ਨਹੀਂ ਸਨ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਅਸੀਂ ਮਹੀਨੇ ਵਿੱਚ 120 ਡਿਲਿਵਰੀਆਂ ਕਰਦੇ ਸੀ। ਅਸੀਂ ਦੂਰ-ਦੁਰਾਡੇ ਇਲਾਕਿਆਂ ਵਿੱਚ ਵੀ ਡਿਲਿਵਰੀਆਂ ਕਰਵਾਈਆਂ, ਜਿੱਥੇ ਕੋਈ ਸਹੂਲਤ ਨਹੀਂ ਸੀ। ਬਹੁਤ ਸਾਰੇ ਲੋਕ ਉਨ੍ਹਾਂ ਦੀ ਕਾਬਲੀਅਤ ਅਤੇ ਉਨ੍ਹਾਂ ਦੇ ਗੱਲ ਕਰਨ ਦੇ ਤਰੀਕੇ ਕਰਕੇ ਆਉਂਦੇ ਹਨ।"

ਪਿਤਾ ਤੋਂ ਸਿੱਖਿਆ ਯੋਗ

ਡਾਕਟਰ ਸਮ੍ਰਿਤੀ ਦੇ ਪਿਤਾ ਯੋਗ ਦਾ ਪ੍ਰਚਾਰ-ਪ੍ਰਸਾਰ ਕਰਦੇ ਸਨ। ਉਨ੍ਹਾਂ ਨੇ ਦਿੱਲੀ ਵਿੱਚ ਧੀਰੇਂਦਰ ਬ੍ਰਹਮਚਾਰੀ ਤੋਂ ਯੋਗ ਸਿੱਖਿਆ ਅਤੇ ਅਣਵੰਡੇ ਆਂਧਰਾ ਪ੍ਰਦੇਸ਼ ਵਿੱਚ ਯੋਗ ਦਾ ਖੂਬ ਪ੍ਰਚਾਰ-ਪ੍ਰਸਾਰ ਕੀਤਾ। ਇਸ ਤਰ੍ਹਾਂ, ਡਾਕਟਰ ਸਮ੍ਰਿਤੀ ਨੂੰ ਵੀ ਯੋਗ ਕਰਨ ਲਗੇ। ਉਹ ਅੱਜ ਵੀ ਯੋਗ ਕਰਦੇ ਹਨ।

ਉਹ ਮੈਡੀਕਲ ਖੇਤਰ ਵਿੱਚ ਕਿਉਂ ਆਏ ਇਸ ਸਵਾਲ ਦਾ ਉਨ੍ਹਾਂ ਨੇ ਬਹੁਤ ਹੀ ਦਿਲਚਸਪ ਜਵਾਬ ਦਿੱਤਾ ਤੇ ਦੱਸਿਆ, "ਉਸ ਸਮੇਂ, ਮੈਂ ਉਹੀ ਪੜ੍ਹਦੀ ਸੀ ਜੋ ਮੇਰੇ ਮਾਤਾ-ਪਿਤਾ ਚਾਹੁੰਦੇ ਸਨ। ਮੇਰੇ ਪਿਤਾ ਨੇ ਮੈਨੂੰ ਮੈਡੀਕਲ ਦੀ ਪੜ੍ਹਾਈ ਕਰਨ ਲਈ ਕਿਹਾ, ਤਾਂ ਮੈਂ ਉਹੀ ਕੀਤਾ। ਉਸ ਸਮੇਂ ਕੋਈ ਐਂਟ੍ਰੈਂਸ ਇਮਤਿਹਾਨ ਨਹੀਂ ਹੁੰਦਾ ਸੀ। ਮੈਨੂੰ ਮੇਰੇ ਅੰਕਾਂ ਦੇ ਆਧਾਰ 'ਤੇ ਸੀਟ ਮਿਲ ਗਈ। ਅਸਲ ਵਿੱਚ, ਮੈਂ ਪੀਡੀਆਟ੍ਰਿਕਸ (ਬੱਚਿਆਂ ਦਾ ਇਲਾਜ) ਵੱਲ ਜਾਣਾ ਚਾਹੁੰਦੀ ਸੀ। ਪਰ ਮੇਰੇ ਸਾਰੇ ਦੋਸਤ ਗਾਇਨੇਕੋਲੋਜੀ ਵਿੱਚ ਚਲੇ ਗਏ ਅਤੇ ਮੈਨੂੰ ਵੀ ਆਪਣੇ ਨਾਲ ਲੈ ਗਏ।"

ਹਾਲਾਂਕਿ, ਉਨ੍ਹਾਂ ਨੇ ਵਿਆਹ ਨਹੀਂ ਕੀਤਾ। ਜਦੋਂ ਉਨ੍ਹਾਂ ਤੋਂ ਇਸ ਦਾ ਕਾਰਨ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਕਿਹਾ, "ਬਸ, ਅਜਿਹਾ ਹੋ ਨਹੀਂ ਸਕਿਆ...।"

ਉਨ੍ਹਾਂ ਦੇ ਛੋਟੇ ਭਰਾ ਡਾਕਟਰ ਸੂਰੀ ਰਾਮਨਾਥ ਸ਼ਾਸਤਰੀ ਨੇ ਬੀਬੀਸੀ ਨੂੰ ਦੱਸਿਆ, "ਮੈਂ ਬਚਪਨ ਤੋਂ ਹੀ ਆਪਣੀ ਭੈਣ ਨੂੰ ਇੱਕ ਡਾਕਟਰ ਵਜੋਂ ਜਾਣਦਾ ਹਾਂ। ਕਈ ਮਰੀਜ਼ ਉਨ੍ਹਾਂ ਨੂੰ ਮਿਲਣ ਆਉਂਦੇ ਹਨ। ਕੋਈ ਤੈਅ ਸਮਾਂ ਨਹੀਂ ਹੈ। ਜਦੋਂ ਵੀ ਜ਼ਰੂਰੀ ਹੁੰਦਾ ਹੈ, ਉਹ ਮਰੀਜ਼ਾਂ ਨੂੰ ਦੇਖਦੇ ਹਨ।"

ਰਾਮਨਾਥ ਸ਼ਾਸਤਰੀ, ਜੋ ਆਪਣੀ ਭੈਣ ਤੋਂ 19 ਸਾਲ ਛੋਟੇ ਹਨ, ਕੈਮਿਸਟਰੀ ਲੈਕਚਰਾਰ ਵਜੋਂ ਰਿਟਾਇਰ ਹੋਏ ਹਨ। ਡਾਕਟਰ ਸਮ੍ਰਿਤੀ ਇਸ ਵੇਲੇ ਆਪਣੇ ਜੱਦੀ ਘਰ ਵਿੱਚ ਆਪਣੇ ਭਰਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਰਹਿੰਦੇ ਹਨ।

ਹਾਲਾਂਕਿ ਉਨ੍ਹਾਂ ਨੂੰ ਇਹ ਪਸੰਦ ਨਹੀਂ ਸੀ ਕਿ ਉਨ੍ਹਾਂ ਦੀ ਭੈਣ ਇੰਨੀ ਵੱਡੀ ਉਮਰ ਵਿੱਚ ਵੀ ਇੰਨੀ ਮਿਹਨਤ ਕਰ ਰਹੀ ਹੈ, ਪਰ ਰਾਮਨਾਥ ਸ਼ਾਸਤਰੀ ਨੇ ਕਿਹਾ, "ਮੇਰੇ ਵਿੱਚ ਉਨ੍ਹਾਂ ਨੂੰ ਇਹ ਕਹਿਣ ਦੀ ਹਿੰਮਤ ਨਹੀਂ ਹੈ। ਉਨ੍ਹਾਂ ਦੀ ਊਰਜਾ ਅਤੇ ਕੰਮ ਪ੍ਰਤੀ ਸਮਰਪਣ ਵੱਖਰੇ ਹੀ ਪੱਧਰ ਦਾ ਹੈ। ਜੇ ਕਿਸੇ ਨੂੰ ਇਲਾਜ ਦੀ ਬਹੁਤ ਲੋੜ ਹੋਵੇ, ਤਾਂ ਮੈਂ ਉਨ੍ਹਾਂ ਨੂੰ ਕਿਵੇਂ ਕਹਿ ਸਕਦਾ ਹਾਂ ਕਿ ਉਹ ਉਨ੍ਹਾਂ ਕੋਲ ਨਾ ਆਉਣ?"

ਅੱਜ ਜਦੋਂ ਪੂਰੀ ਦੁਨੀਆ ਜਲਦੀ ਰਿਟਾਇਰਮੈਂਟ ਦੀ ਗੱਲ ਕਰ ਰਹੀ ਹੈ, ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ 92 ਸਾਲ ਦੀ ਉਮਰ ਵਿੱਚ ਵੀ ਕਿਉਂ ਕੰਮ ਕਰ ਰਹੇ ਹਨ। ਇਸ ਦਾ ਉਨ੍ਹਾਂ ਨੇ ਜਵਾਬ ਦਿੱਤਾ, "ਜਦੋਂ ਤੱਕ ਭਗਵਾਨ ਮੈਨੂੰ ਸ਼ਕਤੀ ਦੇਣਗੇ, ਮੈਂ ਕੰਮ ਕਰਦੀ ਰਹਾਂਗੀ। ਜੇ ਮੈਂ ਖਾਣਾ ਖਾਣ ਤੋਂ ਬ੍ਰੇਕ ਨਹੀਂ ਲੈਂਦੀ, ਤਾਂ ਕੰਮ ਕਰਨ ਤੋਂ ਬ੍ਰੇਕ ਕਿਉਂ ਲਵਾਂ?"

'ਸਰਸਵਤੀ ਦੇ ਪਿੱਛੇ ਚੱਲੋ, ਲਕਸ਼ਮੀ ਆਪਣੇ ਆਪ ਪਿੱਛੇ ਆ ਜਾਵੇਗੀ'

ਮੈਡੀਕਲ ਖੇਤਰ ਵਿੱਚ ਆਉਣ ਦੀ ਇੱਛਾ ਰੱਖਣ ਵਾਲਿਆਂ ਨੂੰ ਸਲਾਹ ਦਿੰਦੇ ਹੋਏ ਉਨ੍ਹਾਂ ਕਿਹਾ, "ਸਰਸਵਤੀ ਦੇ ਪਿੱਛੇ ਚੱਲੋ, ਲਕਸ਼ਮੀ ਆਪਣੇ ਆਪ ਪਿੱਛੇ ਆ ਜਾਵੇਗੀ। ਫੀਸ ਦੇ ਪਿੱਛੇ ਨਾ ਭੱਜੋ। ਬੱਸ ਸੇਵਾ ਕਰਦੇ ਰਹੋ, ਬਾਕੀ ਸਭ ਆਪਣੇ ਆਪ ਹੋ ਜਾਵੇਗਾ।"

ਅਕਸਰ ਕਿਹਾ ਜਾਂਦਾ ਹੈ ਕਿ ਪਹਿਲਾਂ ਮਹਿਲਾਵਾਂ ਕਈ ਬੱਚਿਆਂ ਨੂੰ ਜਨਮ ਦਿੰਦੀਆਂ ਸਨ, ਪਰ ਅੱਜ ਦੀਆਂ ਮਹਿਲਾਵਾਂ ਵਿੱਚ ਉਹ ਸਮਰੱਥਾ ਨਹੀਂ ਹੈ। ਹਾਲਾਂਕਿ, ਉਹ ਇਸ ਗੱਲ ਨਾਲ ਸਹਿਮਤ ਨਹੀਂ।

ਉਹ ਕਹਿੰਦੇ ਹਨ, "ਅਜਿਹਾ ਨਹੀਂ ਹੈ ਕਿ ਅਸੀਂ ਇਸ ਨੂੰ ਸੰਭਾਲ ਨਹੀਂ ਸਕਦੇ। ਸਾਡੀਆਂ ਜ਼ਿੰਮੇਵਾਰੀਆਂ ਵਧ ਗਈਆਂ ਹਨ। ਪਹਿਲਾਂ ਅਤੇ ਹੁਣ ਦੀ ਤਾਕਤ ਵਿੱਚ ਕੋਈ ਖਾਸ ਫ਼ਰਕ ਨਹੀਂ ਹੈ। ਸ਼ਾਇਦ ਖਾਣ-ਪੀਣ ਵਿੱਚ ਥੋੜ੍ਹਾ ਬਦਲਾਅ ਆਇਆ ਹੈ। ਪਹਿਲਾਂ ਲੋਕ ਬਿਨ੍ਹਾਂ ਪਾਲਿਸ਼ ਕੀਤਾ ਹੋਇਆ ਖਾਣਾ ਖਾਂਦੇ ਸਨ। ਲੋਕ ਵੀ ਸਾਦਗੀ ਪਸੰਦ ਸਨ। ਹੁਣ ਸਭ ਕੁਝ ਜ਼ਿਆਦਾ ਪਾਲਿਸ਼ ਕੀਤਾ ਹੋਇਆ ਹੈ। ਲੋਕ ਅਤੇ ਖਾਣਾ ਵੀ ਜ਼ਿਆਦਾ ਪਾਲਿਸ਼ ਹੋ ਗਏ ਹਨ। ਅਤੇ ਜੀਵਨਸ਼ੈਲੀ ਵਿੱਚ ਬਦਲਾਅ ਦੇ ਕਾਰਨ, ਸਾਨੂੰ ਸ਼ੂਗਰ, ਘੱਟ ਫਿਜ਼ੀਕਲ ਐਕਟੀਵਿਟੀ, ਤਣਾਅ ਅਤੇ ਘੱਟ ਸਹਿਣਸ਼ਕਤੀ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ।"

ਉਨ੍ਹਾਂ ਕਿਹਾ ਕਿ ਮਹਿਲਾਵਾਂ ਵਿੱਚ ਸਿਹਤ ਨੂੰ ਲੈ ਕੇ ਜਾਗਰੂਕਤਾ ਵਧੀ ਹੈ ਅਤੇ ਉਨ੍ਹਾਂ ਨੂੰ ਪਹਿਲਾਂ ਦੇ ਮੁਕਾਬਲੇ ਵੱਧ ਜਾਣਕਾਰੀ, ਮੌਕੇ ਅਤੇ ਸਹੂਲਤਾਂ ਉਪਲੱਬਧ ਹਨ।

ਡਾਕਟਰ ਸਮ੍ਰਿਤੀ ਕਹਿੰਦੇ ਹਨ, "ਇੰਨੇ ਸਾਲਾਂ ਦੇ ਸਫ਼ਰ ਨੂੰ ਇੱਕ ਸ਼ਬਦ ਵਿੱਚ ਕਹੀਏ ਤਾਂ... ਖੁਸ਼ੀ ਅਤੇ ਸੰਤੁਸ਼ਟੀ।''

ਡਾਕਟਰ ਸ਼੍ਰੀਮਤੀ ਨੇ ਸਿਹਤ ਨਾਲ ਜੁੜੇ ਕੁਝ ਟਿਪਸ ਵੀ ਦੱਸੇ:

  • ਉਨ੍ਹਾਂ ਨੇ ਕਿਹਾ, "ਮੈਂ ਹਰ ਰੋਜ਼ ਸਵੇਰੇ ਜਲਦੀ ਉੱਠਦੀ ਹਾਂ ਅਤੇ ਯੋਗ ਤੇ ਪ੍ਰਾਣਾਯਾਮ ਕਰਦੀ ਹਾਂ। ਮੈਂ ਕਦੇ-ਕਦੇ ਹੀ ਟੀਵੀ ਦੇਖਦੀ ਹਾਂ।"
  • ਪ੍ਰਾਣਾਯਾਮ ਸਵੇਰੇ ਤਾਜ਼ੀ ਹਵਾ ਵਿੱਚ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ ਨੂੰ ਆਕਸੀਜਨ ਮਿਲਦੀ ਹੈ ਅਤੇ ਸਰੀਰ ਸਾਰਾ ਦਿਨ ਐਕਟਿਵ ਰਹਿੰਦਾ ਹੈ।
  • ਤੁਸੀਂ ਅਜਿਹਾ ਕੋਈ ਵੀ ਭੋਜਨ ਖਾ ਸਕਦੇ ਹੋ ਜੋ ਆਸਾਨੀ ਨਾਲ ਹਜ਼ਮ ਹੋ ਜਾਵੇ। ਤਲੀਆਂ ਹੋਈਆਂ ਚੀਜ਼ਾਂ ਸਿਹਤ ਲਈ ਫ਼ਾਇਦੇਮੰਦ ਨਹੀਂ ਹੁੰਦੀਆਂ, ਸਿਵਾਏ ਇਸ ਦੇ ਕਿ ਉਹ ਸਿਰਫ਼ ਸੁਆਦ ਲਈ ਖਾਧੀਆਂ ਜਾਣ।
  • ਸਮੇਂ 'ਤੇ ਖਾਣਾ ਖਾਓ ਅਤੇ ਸਮੇਂ 'ਤੇ ਸੌਂ ਜਾਓ। ਸਰੀਰ ਦੀ ਸਿਹਤ ਲਈ ਵਿਟਾਮਿਨ ਡੀ ਅਤੇ ਕੈਲਸ਼ੀਅਮ ਬਹੁਤ ਜ਼ਰੂਰੀ ਹਨ।
  • ਸਾਡੇ ਸਮੇਂ ਵਿੱਚ, ਅਸੀਂ ਬਾਹਰ ਖੇਡਣ, ਘਰ ਦੇ ਕੰਮ ਕਰਨ ਅਤੇ ਖਾਣਾ ਬਣਾਉਣ ਕਰਕੇ ਧੁੱਪ ਦੇ ਸੰਪਰਕ ਵਿੱਚ ਆਉਂਦੇ ਸੀ। ਅਸੀਂ ਸਕੂਲ ਅਤੇ ਕਾਲਜ ਪੈਦਲ ਜਾਂਦੇ ਸੀ। ਇਸ ਤਰ੍ਹਾਂ ਸਾਡੇ ਸਰੀਰ ਦੀ ਹਿਲਜੁਲ ਹੁੰਦੀ ਰਹਿੰਦੀ ਸੀ। ਹੁਣ, ਸਾਡੇ ਸਰੀਰ ਦੀ ਹਿਲਜੁਲ ਘੱਟ ਹੋ ਗਈ ਹੈ।
  • ਧੁੱਪ ਲੈਣੀ ਚਾਹੀਦੀ ਹੈ ਅਤੇ ਨਿਯਮਿਤ ਤੌਰ 'ਤੇ ਕਸਰਤ ਜਾਂ ਸਰੀਰਕ ਗਤੀਵਿਧੀ ਕਰਨੀ ਚਾਹੀਦੀ ਹੈ।
  • ਬਾਹਰ ਦਾ ਖਾਣਾ ਖਾਣ ਤੋਂ ਬਚਣਾ ਚਾਹੀਦਾ ਹੈ, ਸਮੇਂ 'ਤੇ ਖਾਣਾ ਖਾਓ ਅਤੇ ਭਰਪੂਰ ਆਰਾਮ ਕਰੋ। ਆਰਾਮ ਵੀ ਰੋਜ਼ਾਨਾ ਇੱਕੋ ਸਮੇਂ 'ਤੇ ਕਰਨਾ ਚਾਹੀਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)