ਵਿਕਟੋਰੀਅਨ ਦੌਰ ਦਾ ਇੱਕ ਸੈਕਸ ਕਲਟ, ਜਿਸ ਦੇ ਮੈਂਬਰਾਂ ਨੂੰ ਕਦੇ ਇਸ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਸੀ ਤੇ ਕਈਆਂ ਨੇ ਖੁਦਕੁਸ਼ੀ ਕਰ ਲਈ

    • ਲੇਖਕ, ਚਾਰਲੀ ਟੇਲਰ
    • ਰੋਲ, ਬੀਬੀਸੀ ਰੇਡੀਓ ਸਮਰਸੈੱਟ
    • ਲੇਖਕ, ਜੋਨਾਥਨ ਹੋਮਜ਼
    • ਰੋਲ, ਵੈਸਟ ਆਫ਼ ਇੰਗਲੈਂਡ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਇੱਕ ਲੇਖਕ ਦਾ ਕਹਿਣਾ ਹੈ ਕਿ ਵਿਕਟੋਰੀਅਨ ਦੌਰ ਦੇ ਇੱਕ ਸੈਕਸ ਕਲਟ ਦੇ ਮੈਂਬਰਾਂ ਨਾਲ ਕੀ ਵਾਪਰਿਆ, ਇਸ ਵਿੱਚ ਅੱਜ ਵੀ ਦੁਨੀਆ ਭਰ ਦੇ ਲੋਕਾਂ ਦੀ ਦਿਲਚਸਪੀ ਹੈ। ਹਾਲਾਂਕਿ ਇਹ ਬਹੁਤ ਚਰਚਿਤ ਨਹੀਂ ਸੀ।

'ਅਗਾਪੇਮੋਨਾਈਟਸ' ਨਾਮ ਦਾ ਇਹ ਸਮੂਹ ਬ੍ਰਿਜਵਾਟਰ ਦੇ ਨੇੜੇ ਸਪੈਕਸਟਨ ਵਿੱਚ ਇੱਕ ਗਿਰਜਾਘਰ (ਚੈਪਲ) ਵਿੱਚ ਚੱਲਦਾ ਸੀ, ਜਿਸ ਦੀ ਵਰਤੋਂ ਹੁਣ ਏਅਰ ਬੀਐੱਨਬੀ ਵਜੋਂ ਕੀਤੀ ਜਾ ਰਹੀ ਹੈ।

ਇਸ ਕਲਟ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਕਿਹਾ ਜਾਂਦਾ ਸੀ ਕਿ ਉਹ ਇਸ ਨੂੰ ਕਦੇ ਛੱਡ ਨਹੀਂ ਸਕਦੇ ਅਤੇ ਕਈ ਲੋਕਾਂ ਨੇ ਆਖ਼ਰਕਾਰ ਆਪਣੀ ਜਾਨ ਦੇ ਦਿੱਤੀ।

ਇਸ ਸਮੂਹ ਦੇ ਆਗੂ, ਹੈਨਰੀ ਜੇਮਜ਼ ਪ੍ਰਿੰਸ ਦਾ ਦਾਅਵਾ ਸੀ ਕਿ ਉਹ 'ਹੋਲੀ ਸਪਿਰਿਟ' (ਪਵਿੱਤਰ ਆਤਮਾ) ਹੈ।

ਉਹ ਆਪਣੇ ਮੈਂਬਰਾਂ ਤੋਂ ਉਨ੍ਹਾਂ ਦੀ ਪਰਿਵਾਰਕ ਜਾਇਦਾਦ ਲੈ ਲੈਂਦਾ ਸੀ ਅਤੇ ਉਨ੍ਹਾਂ ਨੂੰ ਅਜਿਹੀਆਂ ਸੈਕਸ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਕਹਿੰਦਾ ਸੀ ਜੋ 'ਦਿ ਹੈਂਡਮੇਡਜ਼ ਟੇਲ' ਦੇ ਦ੍ਰਿਸ਼ਾਂ ਵਰਗੀਆਂ ਹੁੰਦੀਆਂ ਸਨ, ਜਿਨ੍ਹਾਂ ਵਿੱਚ ਪ੍ਰਿੰਸ ਦੀ ਪਤਨੀ, ਉਸਨੂੰ ਹੋਰ ਔਰਤਾਂ ਨੂੰ ਗਰਭਵਤੀ ਕਰਦੇ ਹੋਏ ਦੇਖਦੀ ਸੀ।

ਬੀਬੀਸੀ ਦੇ ਸਾਬਕਾ ਪੱਤਰਕਾਰ ਅਤੇ 'ਏ ਵੇਰੀ ਬ੍ਰਿਟਿਸ਼ ਕਲਟ' ਕਿਤਾਬ ਦੇ ਲੇਖਕ ਸਟੂਅਰਟ ਫਲਿੰਡਰਜ਼ ਨੇ ਕਿਹਾ, "ਉਨ੍ਹਾਂ ਕੰਧਾਂ ਦੇ ਪਿੱਛੇ ਜੋ ਕੁਝ ਵੀ ਹੁੰਦਾ ਸੀ, ਉਸ 'ਚ ਨਾ ਸਿਰਫ਼ ਸਥਾਨਕ ਲੋਕਾਂ ਨੂੰ ਦਿਲਚਸਪੀ ਸੀ ਸਗੋਂ ਅੰਤਰ ਰਾਸ਼ਟਰੀ ਪੱਧਰ 'ਤੇ ਵੀ ਲੋਕ ਇਸ 'ਚ ਦਿਲਚਸਪੀ ਦਿਖਾ ਰਹੇ ਸਨ।"

ਪ੍ਰਿੰਸ ਦੀ ਪਹਿਲੀ ਨੌਕਰੀ ਸਪੈਕਸਟਨ ਦੇ ਨੇੜੇ ਚਾਰਲਿੰਚ ਪਿੰਡ ਵਿੱਚ ਇੱਕ ਪਾਦਰੀ ਵਜੋਂ ਲੱਗੀ ਸੀ।

ਸਟੂਅਰਟ ਫਲਿੰਡਰਜ਼ ਨੇ ਕਿਹਾ, "ਉੱਥੇ ਉਨ੍ਹਾਂ ਨੂੰ ਪਸੰਦ ਨਹੀਂ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਗਿਰਜਾਘਰ ਨਾਲ ਜੁੜੇ ਅੱਧੇ ਲੋਕਾਂ (ਪੈਰਿਸ਼ਨਰਜ਼, ਜੋ ਗਿਰਜਾਘਰ ਦੇ ਇਲਾਕੇ ਵਿੱਚ ਰਹਿੰਦੇ ਹਨ ਜਾਂ ਇਸ ਨਾਲ ਜੁੜੇ ਹੁੰਦੇ ਹਨ) ਨੂੰ ਇਹ ਕਹਿ ਦਿੱਤਾ ਸੀ ਕਿ ਉਨ੍ਹਾਂ ਦੀ ਮਦਦ ਕਰਨਾ ਹੁਣ ਸੰਭਵ ਨਹੀਂ ਹੈ ਅਤੇ ਉਹ ਨਰਕ ਵਿੱਚ ਜਾਣਗੇ।"

"ਉਨ੍ਹਾਂ ਨੂੰ ਯਕੀਨ ਹੋ ਗਿਆ ਸੀ ਕਿ ਉਹ 'ਹੋਲੀ ਸਪਿਰਿਟ' ਦਾ ਹੀ ਮਨੁੱਖੀ ਰੂਪ ਹਨ, ਦੂਜੇ ਸ਼ਬਦਾਂ ਵਿੱਚ, ਉਹ ਖ਼ੁਦ ਰੱਬ ਹਨ।"

"ਉਹ 'ਹੋਲੀ ਸਪਿਰਿਟ' ਨਾਲ ਇਸ ਤਰ੍ਹਾਂ ਗੱਲਾਂ ਕਰਦੇ ਸਨ, ਜਿਵੇਂ ਪੁੱਛ ਰਹੇ ਹੋਣ, 'ਕੀ ਅੱਜ ਮੀਂਹ ਪਵੇਗਾ? ਕੀ ਮੈਂ ਛਤਰੀ ਲੈ ਲਵਾਂ?'"

ਕਈ ਚਰਚਾਂ (ਪੈਰਿਸ਼, ਚਰਚ ਨਾਲ ਸਬੰਧਤ ਇਲਾਕੇ) ਵਿੱਚ ਕੰਮ ਕਰਨ ਅਤੇ 'ਚਰਚ ਆਫ਼ ਇੰਗਲੈਂਡ' ਤੋਂ ਕੱਢੇ ਜਾਣ ਤੋਂ ਬਾਅਦ, ਉਨ੍ਹਾਂ ਨੇ ਸਪੈਕਸਟਨ ਵਿੱਚ ਜ਼ਮੀਨ ਦਾ ਇੱਕ ਟੁਕੜਾ ਖਰੀਦਿਆ ਅਤੇ ਆਪਣੇ ਪੈਰੋਕਾਰਾਂ ਲਈ ਇੱਕ ਵੱਡਾ ਗਿਰਜਾਘਰ ਅਤੇ ਘਰ ਬਣਵਾਇਆ।

ਇਸ ਕਲਟ ਦੀ ਮੈਂਬਰਸ਼ਿਪ ਦੇ ਨਿਯਮ ਬਹੁਤ ਸਖ਼ਤ ਸਨ ਅਤੇ ਇਸ ਨੂੰ ਛੱਡਣ ਦੀ ਇਜਾਜ਼ਤ ਨਹੀਂ ਸੀ।

ਕਈ ਮੈਂਬਰਾਂ ਨੇ ਤਾਂ ਆਪਣੀ ਜਾਨ ਦੇ ਦਿੱਤੀ ਅਤੇ ਉਸ ਸਮੇਂ ਹੋਈ ਜਾਂਚ ਤੋਂ ਪਤਾ ਲੱਗਿਆ ਕਿ ਪ੍ਰਿੰਸ ਦਾ ਲੋਕਾਂ ਉੱਤੇ ਕਿੰਨਾ ਜ਼ਬਰਦਸਤ ਕੰਟ੍ਰੋਲ ਸੀ।

ਫਲਿੰਡਰਜ਼ ਨੇ ਕਿਹਾ, "ਨੌਟਿਜ ਸਿਸਟਰ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਤਿੰਨ ਭੈਣਾਂ ਸਨ, ਜਿਨ੍ਹਾਂ ਨੂੰ ਵਿਰਾਸਤ ਵਿੱਚ 6,000 ਪਾਊਂਡ ਮਿਲੇ ਸਨ, ਜੋ ਅੱਜ ਦੇ ਹਿਸਾਬ ਨਾਲ ਲਗਭਗ 5,00,000 ਪਾਊਂਡ ਦੇ ਬਰਾਬਰ ਹੈ।"

"ਪ੍ਰਿੰਸ ਨੇ ਉਨ੍ਹਾਂ ਨੂੰ ਕਿਹਾ ਕਿ ਰੱਬ ਦੀ ਇਹੀ ਮਰਜ਼ੀ ਹੈ ਕਿ ਉਹ ਉਨ੍ਹਾਂ ਦੇ ਕਿਸੇ ਪੈਰੋਕਾਰ ਨਾਲ ਵਿਆਹ ਕਰਨ ਅਤੇ ਉਨ੍ਹਾਂ ਨੇ ਅਜਿਹਾ ਹੀ ਕੀਤਾ ਕਿਉਂਕਿ ਇਹ 19ਵੀਂ ਸਦੀ ਸੀ, ਇਸ ਲਈ ਔਰਤਾਂ ਨੂੰ ਆਪਣੇ ਪਤੀਆਂ ਨੂੰ ਆਪਣੇ ਪੈਸੇ ਸੌਂਪਣੇ ਪੈਂਦੇ ਸਨ, ਜੋ ਉਨ੍ਹਾਂ ਪੈਸਿਆਂ ਨੂੰ ਸਿੱਧਾ 'ਅਗਾਪੇਮੋਨਾਈਟਸ' ਦੇ ਖ਼ਜ਼ਾਨੇ ਵਿੱਚ ਪਾ ਦਿੰਦੇ ਸਨ।"

ਫਲਿੰਡਰਜ਼ ਨੇ ਦੱਸਿਆ ਕਿ ਸੈਕਸ ਨਾਲ ਜੁੜੀਆਂ ਰਸਮਾਂ ਜਾਂ ਗਤੀਵਿਧੀਆਂ ਬਾਰੇ ਪ੍ਰਿੰਸ ਆਪਣੇ ਪੈਰੋਕਾਰਾਂ ਨੂੰ ਕਹਿੰਦਾ ਸੀ ਕਿ ਉਹ 'ਪਵਿੱਤਰ ਆਤਮਾ' ਦਾ ਹੀ ਮਨੁੱਖੀ ਰੂਪ ਹੈ ਅਤੇ ਇਹ ਇੱਕ ਧਾਰਮਿਕ ਰਸਮ ਦਾ ਹਿੱਸਾ ਹੈ, ਜਿਸ ਵਿੱਚ ਪਵਿੱਤਰ ਆਤਮਾ ਨੇ ਸਰੀਰ ਧਾਰਨ ਕੀਤਾ ਸੀ।

ਫਲਿੰਡਰਜ਼ ਨੇ ਕਿਹਾ, "ਸਾਨੂੰ ਬੱਸ ਇੰਨਾ ਪੱਕਾ ਪਤਾ ਹੈ ਕਿ ਇੱਕ ਅਜਿਹੀ ਰਸਮ ਹੁੰਦੀ ਸੀ, ਜਿਸ ਵਿੱਚ ਸਾਰੇ ਲੋਕ ਇਕੱਠੇ ਹੁੰਦੇ ਸਨ ਅਤੇ ਉਸ ਵਿੱਚ ਉਨ੍ਹਾਂ ਦੀ ਪਤਨੀ ਵੀ ਸ਼ਾਮਲ ਹੁੰਦੀ ਸੀ।"

ਜਦੋਂ 1899 ਵਿੱਚ ਪ੍ਰਿੰਸ ਦੀ ਮੌਤ ਹੋਈ, ਤਾਂ ਸਮਰਸੈੱਟ ਤੋਂ ਜੌਨ ਹਿਊ ਸਮਿਥ-ਪਿਗੌਟ ਨਾਮ ਦਾ ਇੱਕ ਨਵਾਂ ਆਗੂ ਆਇਆ।

1902 ਵਿੱਚ ਲੰਡਨ ਦੇ ਇੱਕ ਚਰਚ ਵਿੱਚ ਪ੍ਰਾਰਥਨਾ ਸਭਾ ਦੌਰਾਨ ਉਸ ਨੇ ਐਲਾਨ ਕੀਤਾ ਕਿ ਉਹ ਦੁਬਾਰਾ ਆਏ ਜੀਸਸ ਕ੍ਰਾਇਸਟ ਹਨ।

ਫਲਿੰਡਰਜ਼ ਨੇ ਕਿਹਾ, "ਇਸ ਈਸ਼ਨਿੰਦਾ (ਈਸ਼ਵਰ ਦੇ ਅਪਮਾਨ) ਕਾਰਨ ਲੋਕ ਇੰਨੇ ਭੜਕ ਗਏ ਕਿ ਚਰਚ ਦੇ ਆਲੇ-ਦੁਆਲੇ ਦੀਆਂ ਸੜਕਾਂ ਉੱਤੇ ਦੰਗੇ ਹੋ ਗਏ। ਉਸ ਨੂੰ ਵਾਪਸ ਸਮਰਸੈੱਟ ਜਾਣਾ ਪਿਆ।"

ਜਦੋਂ 1927 ਵਿੱਚ ਪਿਗੌਟ ਦੀ ਵੀ ਮੌਤ ਹੋਈ, ਤਾਂ ਅਜਿਹੀ ਅਫ਼ਵਾਹ ਫੈਲ ਗਈ ਕਿ ਉਸ ਦੇ ਪੈਰੋਕਾਰਾਂ ਨੇ ਉਸ ਨੂੰ ਖੜ੍ਹੇ-ਖੜ੍ਹੇ ਦਫ਼ਨਾਇਆ ਸੀ ਤਾਂ ਜੋ ਉਹ ਸਵਰਗ ਤੋਂ ਬੁਲਾਏ ਜਾਣ 'ਤੇ ਤੁਰੰਤ ਤਿਆਰ ਰਹਿ ਸਕੇ।

ਉਸ ਦੀ ਮੌਤ ਤੋਂ ਬਾਅਦ, ਇਹ ਪੰਥ ਕਮਜ਼ੋਰ ਪੈ ਗਿਆ ਅਤੇ ਉਹ ਘਰ "ਬਿਰਧ ਆਸ਼ਰਮ" ਵਰਗਾ ਬਣ ਗਿਆ।

1960 ਦੇ ਦਹਾਕੇ ਵਿੱਚ ਗਿਰਜਾਘਰ ਨੂੰ ਵੇਚ ਦਿੱਤਾ ਗਿਆ ਅਤੇ ਉਸ ਨੂੰ ਟੀਵੀ ਸਟੂਡੀਓ ਬਣਾ ਦਿੱਤਾ ਗਿਆ, ਜਿੱਥੇ 'ਕੈਂਬਰਵਿਕ ਗ੍ਰੀਨ' ਅਤੇ 'ਟਰੰਪਟਨ' ਵਰਗੇ ਕਲਾਸਿਕ ਪ੍ਰੋਗਰਾਮਾਂ ਦੀ ਸ਼ੂਟਿੰਗ ਕੀਤੀ ਗਈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)